ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ‘ਚ ਕੈਨੇਡਾ ਦੀ ਧਰਤੀ ‘ਤੇ ਮੌਤ

TeamGlobalPunjab
3 Min Read

ਫ਼ਿਰੋਜ਼ਪੁਰ  :   ਕੈਨੇਡਾ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਨਿਵਾਸੀ ਇੱਕ 22 ਸਾਲਾ ਨੌਜਵਾਨ ਦੀ ਇੱਥੇ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ੋਕ ਸ਼ਰਮਾ ਪੁੱਤਰ ਨਿਤਿਨ ਸ਼ਰਮਾ ਵਜੋਂ ਹੋਈ ਹੈ।

ਨਿਤਿਨ ਸ਼ਰਮਾ ਦੀ ਲਾਸ਼ ਟ੍ਰਿਲੀਅਮ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ‘ਚ ਰੱਖੀ ਗਈ ਹੈ। ਉਸ ਦੀ ਲਾਸ਼ ਫ਼ਿਰੋਜ਼ਪੁਰ ਲਿਆਉਣ ਲਈ ਤਕਰੀਬਨ 22 ਹਜ਼ਾਰ ਡਾਲਰ ਜਮ੍ਹਾ ਹੋਣੇ ਹਨ ਤੇ ਉਸ ਦੇ ਦੋਸਤ ਪੈਸੇ ਇਕੱਠੇ ਕਰ ਕੇ ਲਾਸ਼ ਫ਼ਿਰੋਜ਼ਪੁਰ ਮੰਗਵਾਉਣ ਦੀ ਤਿਆਰੀ ਕਰ ਰਹੇ ਹਨ। 22 ਹਜ਼ਾਰ ਡਾਲਰ ਜਮ੍ਹਾ ਕਰਵਾਉਣ ‘ਚ ਕੈਨੇਡਾ ਵਿਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਹਿਯੋਗ ਦੇ ਰਹੇ ਹਨ। ਉਸ ਦੇ ਦੋਸਤਾਂ ਨੇ ਇਕ ਪੇਜ ਬਣਾਇਆ ਹੈ, ਜਿਸ ‘ਚ ਲੋਕਾਂ ਤੋਂ ਲਾਸ਼ ਭਾਰਤ ‘ਚ ਭੇਜਣ ਲਈ ਮਦਦ ਮੰਗੀ ਜਾ ਰਹੀ ਹੈ।

ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ  ਨੇ ਦੱਸਿਆ ਕਿ ਕੈਨੇਡਾ ‘ਚ ਰਹਿੰਦੇ ਕੁਝ ਲੜਕੇ, ਜੋ ਪਹਿਲਾਂ-ਪਹਿਲਾਂ ਤਕਰੀਬਨ 3 ਮਹੀਨੇ ਉਸ ਦੇ ਨਾਲ ਇਕ ਹੀ ਕਮਰੇ ‘ਚ ਰਹੇ, ਉਨ੍ਹਾਂ ਨੇ ਨਿਤਿਨ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦੇ ਘਰ ਵਿਚ ਉਸ ਨੂੰ ਹੇਠਾਂ ਬੁਲਾ ਕੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਹ ਲੜਕੇ ਤਲਵਾਰਾਂ ਦਿਖਾ ਕੇ ਨਿਤਿਨ ਤੋਂ ਪੈਸੇ ਮੰਗਦੇ ਸਨ ਅਤੇ ਉਸ ਨੂੰ ਮੋਬਾਇਲ ਫੋਨ ਜਾਂ ਪਾਸਵਰਡ ਦੇਣ ਲਈ ਮਜਬੂਰ ਕਰਦੇ ਸਨ।

ਉਸ ਸਮੇਂ ਜ਼ਖ਼ਮੀ ਹੋਏ ਨਿਤਿਨ ਨੂੰ ਟ੍ਰਿਲੀਅਮ ਹੈਲਥ ਪਾਰਟਨਰਸ ਮਿਸੀਸਾਗਾ ‘ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਨਿਤਿਨ ਦਾ ਸਿਰਦਰਦ ਹੁੰਦਾ ਰਹਿੰਦਾ ਸੀ ਅਤੇ ਜਦੋਂ ਉਹ ਦੁਬਾਰਾ ਚੈੱਕਅਪ ਲਈ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਸਿਰ ‘ਚ ਸੱਟ ਲੱਗੀ ਹੋਣ ਕਾਰਨ ਉਸ ਦੇ ਬ੍ਰੇਨ ‘ਚ ਮੁਸ਼ਕਿਲ ਪੇਸ਼ ਆ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਅਨੁਸਾਰ ਹਮਲਾ ਕਰਨ ਵਾਲੇ ਇਹ ਲੜਕੇ ਨਿਤਿਨ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਤੇ ਉਸ ਨੂੰ ਕੁਝ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।

ਉਸ ਨੇ ਦੱਸਿਆ ਕਿ ਹੁਣ ਜਦੋਂ ਨਿਤਿਨ ਨੂੰ ਫਿਰ ਤੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਐੱਮ.ਆਰ.ਆਈ. ਹੋਈ ਅਤੇ ਉਸ ਦੇ ਬ੍ਰੇਨ ਦੀ ਸਰਜਰੀ ਕਰਨੀ ਪਈ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਸਿਰ ‘ਚ ਲੱਗੀਆਂ ਸੱਟਾਂ ਕਾਰਨ ਮੌਤ ਹੋਈ ਹੈ ਅਤੇ ਹਮਲਾ ਕਰਨ ਵਾਲੇ ਉਹ ਸਾਰੇ ਲੜਕੇ ਨਿਤਿਨ ਦੀ ਮੌਤ ਲਈ ਜ਼ਿੰਮੇਵਾਰ ਹਨ ਤੇ ਇਹ ਸਾਰੇ ਲੜਕੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜੋ ਇਸ ਸਮੇਂ ਕੈਨੇਡਾ ‘ਚ ਹਨ।

ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਨਿਤਿਨ ਨੂੰ ਬੜੀ ਮੁਸ਼ਕਲ ਨਾਲ ਕੈਨੇਡਾ ਭੇਜਿਆ ਸੀ ਪਰ ਜਦੋਂ ਨਿਤਿਨ ਦੀ ਮੌਤ ਦੀ ਖਬਰ ਮਿਲੀ ਤਾਂ ਘਰਦਿਆਂ ‘ਤੇ ਦੁਖਾਂ ਦਾ ਪਹਾੜ ਗਿਰ ਗਿਆ ਹੈ।

Share This Article
Leave a Comment