ਕਿਸਾਨ ‘ਕਾਲੇ-ਦਿਵਸ’ ਮੌਕੇ ਕਾਲੇ ਝੰਡਿਆਂ ਨਾਲ ਕਰਨਗੇ ਪ੍ਰਦਰਸ਼ਨ, ਦਿੱਲੀ ਪੁਲਿਸ  ਨੇ ਇਕੱਠ ਨਾ ਕਰਣ ਦੀ ਕੀਤੀ ਅਪੀਲ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀਬਾੜੀ ਬਿਲਾਂ ਖਿਲਾਫ਼ ਡਟੀਆਂ ਹੋਈਆਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਕਿਸਾਨ ਸੰਗਠਨਾਂ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨ ਸੰਗਠਨਾਂ ਨੇ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਲੋਕ ਅੱਜ ਆਪਣੇ ਘਰਾਂ, ਵਾਹਨਾਂ, ਦੁਕਾਨਾਂ ‘ਤੇ ਕਾਲਾ ਝੰਡਾ ਲਗਾਉਣ।

ਦਸ ਦਈਏ 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਦੇਸ਼-ਵਿਆਪੀ ਅੰਦੋਲਨ ਦੌਰਾਨ ਕਿਸਾਨ ਕੇਂਦਰ-ਸਰਕਾਰ ਦੇ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ MSP ਤੇ ਕਾਨੂੰਨ ਬਣਵਾਉਣ ਲਈ ਲਗਾਤਾਰ ਡਟੇ ਹੋਏ ਹਨ। 40 ਤੋਂ ਜ਼ਿਆਦਾ ਕਿਸਾਨ ਸੰਗਠਨਾਂ ਦਾ ਤਰਜਮਾਨੀ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗੱਲਬਾਤ ਦੀ ਬਹਾਲੀ ਦੀ ਅਪੀਲ ਕੀਤੀ ਸੀ।

ਇਸ ਦੌਰਾਨ ਦਿੱਲੀ ਪੁਲਿਸ  ਨੇ ਲੋਕਾਂ ਨੂੰ ਕੋਰੋਨਾ ਦੀ ਸਥਿਤੀ ਅਤੇ ਲਾਕਡਾਊਨ ਕਾਰਨ ਇਕੱਠ ਨਾ ਕਰਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਰਹੱਦਾਂ ‘ਤੇ ਅੰਦੋਲਨ ਸਥਾਨਾਂ ‘ਤੇ ਕਿਸੇ ਵੀ ਸਥਿਤੀ ਤੋਂ ਨਜਿੱਠਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਸਮੇਤ ਸਾਰੇ ਸਰਹੱਦਾਂ ‘ਤੇ ਜਵਾਨ ਪਹਿਲਾਂ ਤੋਂ ਹੀ ਮੌਜੂਦ ਹਨ। ਜੇਕਰ ਕੋਈ ਵੀ ਵਿਅਕਤੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Share this Article
Leave a comment