ਚੰਡੀਗੜ੍ਹ : ਝੋਨੇ ਦੀ ਫ਼ਸਲ ਦੀ ਖ਼ਰੀਦ ਜਲਦੀ ਕਰਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਬਲਬੀਰ ਸਿੰਘ ਸਿੱਧੂ ਦੇ ਘਰ ਬਾਹਰ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਬੈਰੀਕੇਡਿੰਗ ਕੀਤੀ ਗਈ। ਇਸ ਦੇ ਚੱਲਦਿਆਂ ਵੱਡੀ ਗਿਣਤੀ ‘ਚ ਕਿਸਾਨ ਉਥੇ ਹੀ ਧਰਨੇ ‘ਤੇ ਬੈਠ ਗਏ ਹਨ।
ਇਸ ਤੋਂ ਇਲਾਵਾ ਜਲੰਧਰ ਵਿਖੇ ਕਿਸਾਨਾਂ ਵਲੋਂ ਵਿਧਾਇਕ ਅਤੇ ਮੰਤਰੀ ਪਰਗਟ ਸਿੰਘ ਦੀ ਕੋਠੀ ਦੀ ਘਿਰਾਓ ਕੀਤਾ ਹੈ। ਇਥੇ ਇਹ ਦੱਸਣਯੋਗ ਹੈ ਕਿ ਪਰਗਟ ਸਿੰਘ ਸਰਕਿਟ ਹਾਊਸ ’ਚ ਅਧਿਆਪਕਾਂ ਨਾਲ ਚੱਲ ਰਹੀ ਸੀ, ਜਿਸ ਦੀ ਭਿਣਕ ਕਿਸਾਨ ਮੋਰਚੇ ਨੂੰ ਲੱਗ ਗਈ ਹੈ ਅਤੇ ਕਿਸਾਨਾਂ ਨੇ ਸਰਕਿਟ ਹਾਊਸ ਦਾ ਘਿਰਾਓ ਕਰ ਦਿੱਤਾ।
ਉਥੇ ਹੀ ਹਰਿਆਣਾ ਵਿੱਚ ਭਾਜਪਾ-ਜੇਜੇਪੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਵੱਡੀ ਗਿਣਤੀ ਵਿੱਚ ਕਰਨਾਲ ਅਨਾਜ ਮੰਡੀ ਵਿੱਚ ਇਕੱਤਰ ਹੋਏ। ਕੇਂਦਰ ਵੱਲੋਂ ਝੋਨੇ ਦੀ ਖਰੀਦ ਦਸ ਦਿਨ ਅੱਗੇ ਪਾਉਣ ਤੋਂ ਕਿਸਾਨ ਨਾਰਾਜ਼ ਹਨ। ਮੰਡੀ ਤੋਂ ਕਿਸਾਨ ਘਿਰਾਓ ਕਰਨ ਲਈ ਪ੍ਰੇਮ ਨਗਰ ਸਥਿਤ ਮੁੱਖ ਮੰਤਰੀ ਮਨੋਹਰ ਲਾਲ ਦੇ ਕੈਂਪ ਦਫਤਰ ਪੁੱਜੇ। ਇਸ ਦੌਰਾਨ ਅੰਬਾਲਾ ਸ਼ਹਿਰ ਦੇ ਕਿਸਾਨ ਝੋਨੇ ਨਾਲ ਲੱਦੀਆਂ ਟਰਾਲੀਆਂ ਨਾਲ ਭਾਜਪਾ ਵਿਧਾਇਕ ਅਸੀਮ ਗੋਇਲ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਹਨ।