ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਦੀ ਸਥਿਤੀ, ਸਕੂਲ ਖੋਲ੍ਹਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਅੱਜ ਡੀਡੀਐਮਏ ਦੀ ਬੈਠਕ ਹੋਈ। ਬੈਠਕ ਵਿੱਚ ਮੌਜੂਦ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਦਿਵਾਲੀ ਤੋਂ ਬਾਅਦ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸਰਕਾਰ ਦੇ ਹੁਕਮਾਂ ‘ਤੇ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ 1 ਸਤੰਬਰ ਤੋਂ ਸਕੂਲ ਖੋਲ੍ਹੇ ਜਾ ਚੁੱਕੇ ਹਨ।
ਡੀਡੀਐਮਏ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਸ਼ਹਿਰ ਦੀ ਸਥਿਤੀ ਹੁਣ ਠੀਕ ਹੈ, ਪਰ ਅੱਗੇ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਦੱਸ ਦਈਏ ਕਿ ਕਈ ਪ੍ਰਾਈਵੇਟ ਸਕੂਲਾਂ ਨੇ ਦਿੱਲੀ ਸਰਕਾਰ ਤੋਂ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਦਿੱਲੀ ‘ਚ ਕੋਵਿਡ-19 ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੈ। ਇਸ ਦੇ ਨਾਲ ਹੀ ਡੀਡੀਐਮਏ ਵੱਲੋਂ ਗਠਿਤ ਕੀਤੇ ਗਏ ਪੈਨਲ ਨੇ ਸਕੂਲਾਂ ਨੂੰ ਪੜਾਅਵਾਰ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਹੈ।