ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -66
ਸਲੋਕ ੨੦ ਤੋਂ ੨੨ ਦੀ ਵਿਚਾਰ
*ਡਾ. ਗੁਰਦੇਵ ਸਿੰਘ
ਪ੍ਰਾਣੀ ਦੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਣਗੇ। ਸਾਰੇ ਕੰਮ ਸਫਲ ਹੋ ਜਾਣਗੇ। ਬੁਰੀ ਮੱਤ ਖਤਮ ਹੋਵੇਗੀ ਤੇ ਚੰਗੀ ਮੱਤ ਦੀ ਪ੍ਰਾਪਤੀ ਹੋਵੇਗੀ। ਜਮਾਂ ਦਾ ਕੋਈ ਡਰ ਨਹੀਂ ਸਤਾਵੇਗਾ। ਲੋਭ, ਮੋਹ, ਹੰਕਾਰ ਨੇੜੇ ਨਹੀਂ ਆਵੇਗਾ। ਇਹ ਸਭ ਕੁਝ ਹੋ ਸਕਦਾ ਹੈ ਪਰ ਇਹ ਅਸਾਨ ਨਹੀਂ ਲੇਕਿਨ ਇਹ ਔਖਾ ਵੀ ਨਹੀਂ ਹੈ। ਗੁਰਬਾਣੀ ਬੜੀ ਆਸਾਨੀ ਨਾਲ ਇਸ ਸੰਬੰਧੀ ਸਾਡਾ ਮਾਰਗ ਰੋਸ਼ਨ ਕਰਦੀ ਹੈ।
ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 20 ਤੋਂ 22 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1427 ‘ਤੇ ਅੰਕਿਤ ਹਨ। ਸਲੋਕਾਂ ਵਿੱਚ ਗੁਰੂ ਜੀ ਮੁਨੂੱਖ ਨੂੰ ਅਕਾਲ ਪੁਰਖ ਦੇ ਨਾਮ ਦੀਆਂ ਬਰਕਤਾਂ ਦਾ ਉਪਦੇਸ਼ ਦੇ ਰਹੇ ਹਨ:
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥
ਹੇ ਨਾਨਕ! (ਆਖ– ਹੇ ਭਾਈ!) ਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮਤਿ ਦੂਰ ਕਰਨ ਵਾਲਾ ਹੈ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ।20।
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥
ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ। ਹੇ ਨਾਨਕ! ਆਖ– ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ।21।
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥ {ਪੰਨਾ 1427}
ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ, ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ।22।
ਨੌਵੇਂ ਪਾਤਸ਼ਾਹ ਇਨ੍ਹਾਂ ਉਕਤ ਸਲੋਕਾਂ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਹੇ ਭਾਈ ਜੋ ਅਕਾਲ ਪੁਰਖ ਨੂੰ ਸਿਮਰਦਾ ਹੈ ਉਸ ਦੇ ਸਭ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ। ਉਸ ਦੀ ਭੈੜੀ ਮਤ ਦਾ ਨਾਸ਼ ਹੋ ਜਾਂਦਾ ਹੈ। ਉਹ ਜਮਾਂ ਦੀ ਫਾਹੀ ਵਿੱਚ ਨਹੀਂ ਪੈਂਦਾ। ਸਾਰੇ ਤਰ੍ਹਾਂ ਦੇ ਵਿਕਾਰ ਉਸ ਪ੍ਰਾਣੀ ਤੋਂ ਦੂਰ ਹੋ ਜਾਂਦੇ ਹਨ ਜੋ ਪ੍ਰਾਣੀ ਵਾਹਿਗੁਰੂ ਦਾ ਨਾਮ ਰਸਨਾ ਨਾਲ ਸਿਮਰਦਾ ਹੈ, ਕੰਨਾਂ ਨਾਲ ਸੁਣਦਾ ਹੈ। ਸੋ ਨੌਵੇਂ ਪਾਤਸ਼ਾਹ ਸਾਨੂੰ ਅਕਾਲ ਪੁਰਖ ਦੇ ਲੜ ਲੱਗਣ ਦਾ ਉਪਦੇਸ਼ ਦੇ ਰਹੇ ਹਨ ਜੋ ਕਿ ਸਾਰੇ ਸੁੱਖਾਂ ਦਾ ਸੋਮਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥