ਟੋਰਾਂਟੋ : ਕੈਨੇਡਾ ਦੇ ਕੁਝ ਸੂਬਿਆਂ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸਿਹਤ ਮਾਹਿਰਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ। ਓਂਟਾਰੀਓ ‘ਚ ਐਤਵਾਰ ਨੂੰ 784 ਨਵੇਂ ਕੋਵਿਡ-19 ਕੇਸ ਰਿਪੋਰਟ ਕੀਤੇ ਗਏ, ਜਿਸ ਨਾਲ ਸੂਬਾਈ ਕੋਵਿਡ ਪ੍ਰਭਾਵਿਤਾਂ ਦੀ ਕੁੱਲ ਗਿਣਤੀ 5,74,619 ਹੋ ਗਈ ਹੈ ।
ਅੰਕੜਿਆਂ ਅਨੁਸਾਰ ਦਰਜ ਕੀਤੇ ਗਏ 784 ਨਵੇਂ ਮਾਮਲਿਆਂ ਵਿੱਚੋਂ 475 ਉਹ ਲੋਕ ਹਨ ਜਿਹਨਾਂ ਨੇ ਵੈਕਸੀਨ ਦੀ ਖੁਰਾਕ ਨਹੀਂ ਲਈ, 66 ਲੋਕਾਂ ਨੇ ਅੰਸ਼ਕ ਤੌਰ ਤੇ ਟੀਕਾਕਰਣ ਕਰਵਾਇਆ ਭਾਵ ਇੱਕ ਖੁਰਾਕ ਲਈ ਸੀ ਅਤੇ 61 ਲੋਕਾਂ ਲਈ ਟੀਕਾਕਰਣ ਦੀ ਸਥਿਤੀ ਸਪੱਸ਼ਟ ਨਹੀਂ ਸੀ। ਇਸ ਸੂਚੀ ਵਿੱਚ ਹੈਰਾਨੀਜਨਕ ਇਹ ਰਿਹਾ ਕਿ ਪਾਜ਼ਿਟਿਵ ਪਾਏ ਗਏ ਲੋਕਾਂ ਵਿਚ 182 ਉਹ ਲੋਕ ਸਨ ਜਿਹੜੇ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਸਨ, ਭਾਵ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸਨ।
ਐਤਵਾਰ ਦੀ ਰਿਪੋਰਟ ਦੇ ਅਨੁਸਾਰ , ਟੋਰਾਂਟੋ ਵਿੱਚ 147, ਪੀਲ ਖੇਤਰ ਵਿੱਚ 67, ਯੌਰਕ ਖੇਤਰ ਵਿੱਚ 65, ਵਿੰਡਸਰ-ਏਸੇਕਸ ਵਿੱਚ 73 ਅਤੇ ਹੈਮਿਲਟਨ ਤੇ ਓਟਾਵਾ ਵਿੱਚ 57 ਕੇਸ ਦਰਜ ਕੀਤੇ ਗਏ ਹਨ।
ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਸੂਬਾਈ ਰਿਪੋਰਟ ਵਿੱਚ 45 ਜਾਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ। ਸੂਬੇ ਵਿੱਚ ਛੇ ਨਵੀਆਂ ਮੌਤਾਂ ਹੋਣ ਕਾਰਨ ਮੌਤਾਂ ਦੀ ਗਿਣਤੀ ਵਧ ਕੇ 9,611 ਹੋ ਗਈ ਹੈ।