ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਕਾਰਨ ਕਿਸਾਨਾਂ ਨੇ ਪੰਜਾਬ ਵਿੱਚ ਟੌਲ ਪਲਾਜ਼ਾ ਬੰਦ ਕੀਤੇ ਹੋਏ ਹਨ, ਜਿਸ ‘ਤੇ ਕੇਂਦਰ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਚਿੱਠੀ ਲਿਖ ਕੇ ਬੰਦ ਪਏ ਟੌਲ ਪਲਾਜ਼ਾ ਤੁਰੰਤ ਖੁਲ੍ਹਵਾਉਣ ਲਈ ਕਿਹਾ ਹੈ।
ਕੇਂਦਰ ਸਰਕਾਰ ਨੇ ਲਿਖਿਆ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿਚਲੇ ਟੌਲ ਪਲਾਜ਼ੇ ਖੁੱਲ੍ਹਵਾਏ ਜਾਣ ਤਾਂ ਜੋ ਜਨਤਕ ਖਜ਼ਾਨੇ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਸਾਲ 19 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਕੇ ਟੌਲ ਪਲਾਜ਼ਾ ਖੁਲ੍ਹਵਾਉਣ ਲਈ ਕਿਹਾ ਸੀ, ਪਰ ਕਿਸਾਨੀ ਅੰਦੋਲਨ ਦੇ ਕਾਰਨ ਪੰਜਾਬ ਵਿਚ ਤਕਰੀਬਨ ਇੱਕ ਸਾਲ ਤੋਂ ਟੋਲ ਪਲਾਜ਼ਾ ਬੰਦ ਪਏ ਹਨ।
ਕਿਸਾਨਾਂ ਵੱਲੋਂ ਪੰਜਾਬ ਅੰਦਰ ਆਉਂਦੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ 17 ਟੋਲ ਪਲਾਜ਼ਾ ਬੰਦ ਕੀਤੇ ਹੋਏ ਹਨ ਜਦਕਿ ਸੂਬਾ ਸਰਕਾਰ ਦੇ 15 ਟੌਲ ਪਲਾਜ਼ਾ ਬੰਦ ਹਨ। ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਪੰਜਾਬ ਵਿੱਚ ਪਿਛਲੇ ਸਾਲ 1 ਸਤੰਬਰ ਨੂੰ ਭਖਿਆ ਸੀ ਅਤੇ ਉਸ ਤੋਂ ਬਾਅਦ 1 ਅਕਤੂਬਰ ਨੂੰ ਕਿਸਾਨਾਂ ਨੇ ਸੂਬੇ ਅੰਦਰ ਆਉਂਦੇ ਸਾਰੇ ਟੌਲ ਪਲਾਜ਼ਾ ਮੱਲ ਲਏ ਸਨ, ਜਿਨ੍ਹਾਂ ‘ਤੇ ਧਰਨਾ ਲਗਾਤਾਰ ਜਾਰੀ ਹੈ। ਇਕ ਰਿਪੋਰਟ ਮੁਤਾਬਕ ਕਿਸਾਨ ਅੰਦੋਲਨ ਨਾਲ ਟੌਲ ਪਲਾਜ਼ਾ ਬੰਦ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ 830 ਕਰੋੜ ਰੁਪਏ ਦੀ ਰਾਹਤ ਮਿਲੀ ਹੈ।