ਓਟਾਵਾ: ਚੀਨ ਵਿੱਚ ਡਰੱਗ ਮਾਮਲੇ ਵਿੱਚ ਫੜ੍ਹੇ ਗਏ ਕੈਨੇਡੀਅਨ ਵੱਲੋਂ ਮੌਤ ਦੀ ਸਜ਼ਾ ਖਿਲਾਫ ਕੀਤੀ ਗਈ ਅਪੀਲ ਮੰਗਲਵਾਰ ਨੂੰ ਚੀਨ ਦੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ।
ਰੌਬਰਟ ਸ਼ੈਲਨਬਰਗ ਨੂੰ ਨਵੰਬਰ 2018 ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਫੜ੍ਹਿਆ ਗਿਆ ਸੀ । ਕਥਿਤ ਤੌਰ ਉੱਤੇ ਇਸ ਮਾਮਲੇ ਵਿੱਚ ਦੋਸ਼ੀ ਵੀ ਠਹਿਰਾਇਆ ਗਿਆ ਸੀ। ਚੀਨ ਦੀ ਟੈਕਨੀਕਲ ਜਾਇੰਟ ਕੰਪਨੀ ਹੁਆਵੇ ਟੈਕਨਾਲੋਜੀ ਲਿਮਟਿਡ ਦੀ ਚੀਫ ਫਾਇਨਾਂਸ਼ੀਅਲ ਆਫੀਸਰ ਮੈਂਗ ਵਾਨਜ਼ੋਊ ਨੂੰ ਅਮਰੀਕਾ ਦੀ ਅਪੀਲ ਉੱਤੇ ਵੈਨਕੂਵਰ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਇਹ ਸੱਭ ਹੋਇਆ।
ਚੀਨੀ ਸਰਕਾਰ ਵੱਲੋਂ ਕੈਨੇਡੀਅਨ ਸਰਕਾਰ ਉੱਤੇ ਵਾਨਜ਼ੋਊ ਨੂੰ ਰਿਹਾਅ ਕਰਨ ਲਈ ਦਬਾਅ ਪਾਉਣ ਦੇ ਬਾਵਜੂਦ ਜਦੋਂ ਕੰਮ ਨਹੀਂ ਬਣਿਆਂ ਤਾਂ ਜਨਵਰੀ 2019 ਵਿੱਚ ਅਚਾਨਕ ਸੈ਼ਲਨਬਰਗ ਦੀ ਸਜ਼ਾ ਵਧਾ ਕੇ ਮੌਤ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤੀ ਗਈ। ਲਿਆਓਨਿੰਗ ਪ੍ਰੋਵਿੰਸ ਦੀ ਹਾਇਅਰ ਪੀਪਲਜ਼ ਕੋਰਟ ਵੱਲੋਂ ਸ਼ੈਲਨਬਰਗ ਦੀ ਅਪੀਲ ਇਹ ਆਖਦਿਆਂ ਹੋਇਆਂ ਖਾਰਜ ਕਰ ਦਿੱਤੀ ਕਿ ਇਹ ਸਜ਼ਾ ਬਿਲਕੁਲ ਢੁਕਵੀਂ ਹੈ ਤੇ ਹੇਠਲੀ ਅਦਾਲਤ ਦੀ ਕਾਰਵਾਈ ਬਿਲਕੁਲ ਸਹੀ ਹੈ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ।ਇਹ ਮਾਮਲਾ ਮੁਲਾਂਕਣ ਲਈ ਚੀਨ ਦੀ ਸਰਬਉੱਚ ਅਦਾਲਤ ਨੂੰ ਭੇਜਿਆ ਗਿਆ ਹੈ।