ਨਿਊਜ਼ ਡੈਸਕ : ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਇਸ ਵੇਲੇ ਦੁਨੀਆ ਭਰ ਤੋਂ ਆਏ ਸਾਰੇ ਖਿਡਾਰੀ ਮੈਡਲ ਜਿੱਤਣ ਲਈ ਪੂਰੀ ਜਾਨ ਲਗਾ ਰਹੇ ਹਨ। ਇਸ ਵਿਚਾਲੇ ਟੋਕੀਓ ‘ਚ ਇੱਕ ਟਰੇਨ ਵਿੱਚ ਹਮਲਾਵਰ ਨੇ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 10 ਲੋਕ ਜ਼ਖਮੀ ਹੋਏ ਹਨ, ਇਹਨਾਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਹਮਲਾ ਇੱਕ ਕੰਮਿਊਟਰ ਟਰੇਨ ਵਿੱਚ ਸ਼ੁੱਕਰਵਾਰ ਨੂੰ ਵਾਪਰਿਆ। ਇਸ ਜਾਨਲੇਵਾ ਹਮਲੇ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਸੀ ਪਰ ਬਾਅਦ ਵਿੱਚ ਫਾਇਰ ਡਿਪਾਰਟਮੈਂਟ ਅਤੇ ਪੁਲਿਸ ਨੇ ਮਿਲ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਟੋਕੀਓ ਫਾਇਰ ਡਿਪਾਰਟਮੈਂਟ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ 10 ਲੋਕ ਜ਼ਖਮੀ ਹੋਏ ਹਨ, ਇਨ੍ਹਾਂ ‘ਚੋਂ 9 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਦਕਿ ਇੱਕ ਹੋਰ ਨੌਜਵਾਨ ਮਾਮੂਲੀ ਜ਼ਖਮੀ ਹੋਇਆ ਸੀ। ਸਥਾਨਕ ਟੀਵੀ ਚੈਨਲਾਂ ਵਿੱਚ ਇਸ ਹਮਲੇ ਨਾਲ ਜੁੜੀ ਜੋ ਵੀਡੀਓ ਦਿਖਾਈਆਂ ਗਈਆਂ ਹਨ ਉਸ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਦੀਆਂ ਗੱਡੀਆਂ ਅਤੇ ਕਈ ਪੁਲਿਸ ਕਰਮੀ ਘਟਨਾ ਤੋਂ ਬਾਅਦ ਉੱਥੇ ਮੌਜੂਦ ਸਨ।