NRI ਲਾੜਿਆਂ ਵਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲਿਆਂ ਨੂੰ ਲੈ ਕੇ ਮਹਿਲਾ ਕਮਿਸ਼ਨ ਕਰੇਗੀ DGP ਨਾਲ ਬੈਠਕ

TeamGlobalPunjab
1 Min Read

ਐਸ.ਏ.ਐਸ. ਨਗਰ : ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਲਦ ਹੀ ਸੂਬੇ ਵਿੱਚ ਦਿਨੋਂ ਦਿਨ ਵੱਧ ਰਹੇ ਐਨ.ਆਰ.ਆਈ. ਲਾੜਿਆਂ ਵਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਹਿੱਤ ਡੀ.ਜੀ.ਪੀ. ਪੰਜਾਬ ਨਾਲ ਇੱਕ ਬੈਠਕ ਕੀਤੀ ਜਾਵੇਗੀ।

ਇਹ ਜਾਣਕਾਰੀ ਅੱਜ ਇੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਏ.ਡੀ.ਜੀ.ਪੀ. (ਐਨ ਆਰ.ਆਈ ਮਾਮਲੇ) ਏ.ਐਸ. ਰਾਏ ਨਾਲ ਪੰਜਾਬ ਰਾਜ ਵਿੱਚ ਦਿਨੋਂ ਦਿਨ ਸਾਹਮਣੇ ਆ ਰਹੇ ਐਨ.ਆਰ.ਆਈ ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਗਏ ਧੋਖਾ ਧੜੀ ਦੇ ਮਾਮਲਿਆਂ ਨਾਲ ਸਖਤੀ ਨਜਿੱਠਣ ਲਈ ਵਿਚਾਂਰ ਵਟਾਂਦਰਾ ਕਰਨ ਲਈ ਰੱਖੀ ਗਈ ਮੀਟਿੰਗ ਉਪਰੰਤ ਦਿੱਤੀ।

ਮੀਟਿੰਗ ਦੌਰਾਨ ਗੁਲਾਟੀ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਦੌਰਾਨ ਕਮਿਸ਼ਨ ਕੋਲ ਬਹੁਤ ਜ਼ਿਆਦਾ ਗਿਣਤੀ ਵਿੱਚ ਐਨ.ਆਰ.ਆਈ ਲੜਕਿਆਂ ਵਲੋ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਨ.ਆਰ.ਆਈ. ਲੜਕਿਆਂ ਵਲੋ ਸੂਬੇ ਦੀਆਂ ਲੜਕੀਆਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਗੁਲਾਟੀ ਨੇ ਕਿਹਾ ਇਸ ਮੀਟਿੰਗ ਵਿੱਚ ਪੰਜਾਬ ਰਾਜ ਦੇ ਐਨ.ਆਰ.ਆਈ ਵਿੰਗ ਦੇ ਬਾਕੀ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਐਨ.ਆਰ.ਆਈ. ਲਾੜਿਆਂ ਵਲੋਂ ਕੀਤੀ ਜਾ ਰਹੀ ਧੋਖਾਧੜੀ ਦੇ ਮਾਮਲਿਆਂ ਨੂੰ ਤੇਜ਼ੀ ਨਾਲ ਨਜਿੱਠਣ ਲਈ ਖਾਕਾ ਤਿਆਰ ਕੀਤਾ ਜਾਵੇਗਾ।

Share This Article
Leave a Comment