ਬਰੈਂਪਟਨ : ਮਿਸੀਸਾਗਾ ਵਿਖੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਇਰਾਦਾ ਏ ਕਤਲ ਦਾ ਦੋਸ਼ ਆਇਦ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ 3 ਫ਼ਰਵਰੀ ਨੂੰ ਮਿਸੀਸਾਗਾ ਦੇ ਮੋਰਨਿੰਗ ਸਟਾਰ ਡਰਾਈਵ ਅਤੇ ਗੌਰਵੇਅ ਡਰਾਈਵ ਇਲਾਕੇ ਵਿਚ 20 ਸਾਲ ਦੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਗਿਆ ਸੀ ਅਤੇ ਮਾਮਲੇ ਦੀ ਕਈ ਮਹੀਨੇ ਤੱਕ ਚੱਲੀ ਪੜਤਾਲ ਦੇ ਆਧਾਰ ‘ਤੇ ਹਰਦੀਪ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ।
ਪੁਲਿਸ ਮੁਤਾਬਕ 22 ਸਾਲ ਦਾ ਹਰਦੀਪ ਸਿੰਘ ਬਰੈਂਪਟਨ ਦੇ ਡਿਕਸੀ ਰੋਡ ਅਤੇ ਬਵੇਅਰਡ ਡਰਾਈਵ ਇਲਾਕੇ ਦੇ ਇਕ ਮਕਾਨ ‘ਚੋਂ ਮਿਲਿਆ ਜਿਸ ਦੀ ਸ਼ਨਾਖ਼ਤ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੀਲ ਰੀਜਨਲ ਪੁਲਿਸ ਦੇ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 2133 ‘ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮਸਟੋਪਰਜ਼ ਨਾਲ 1-800-222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।