-ਅਵਤਾਰ ਸਿੰਘ;
ਦੇਸ਼ ਦਾ ਕਿਸਾਨ ਅੱਜ ਕੱਲ੍ਹ ਦਿੱਲੀ ਦੇ ਬਾਰਡਰਾਂ ਉਪਰ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਉਹ ਮੌਸਮ ਦੀ ਹਰ ਮਾਰ ਨਾਲ ਝੰਬਿਆ ਜਾ ਰਿਹਾ ਹੈ। ਪਿਛਲੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੈਠੇ ਕਿਸਾਨ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਲਈ ਸ਼ਾਂਤਮਈ ਧਰਨਾ ਦੇ ਰਹੇ ਹਨ। ਕਿਸਾਨ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਕਾਬਲ ਬਣਾ ਕੇ ਦੇਸ਼ ਦਾ ਨਾਂ ਚਮਕਾਉਣ ਲਈ ਹਰ ਖੇਤਰ ਵਿਚ ਭੇਜਣਾ ਚਾਹੁੰਦੇ ਹਨ। ਪਰ ਜਦੋਂ ਉਨ੍ਹਾਂ ਕੋਲੋਂ ਖੇਤ ਹੀ ਖੋਹ ਲਿਆ ਜਾਵੇਗਾ ਫੇਰ ਦੇਸ਼ ਦਾ ਨਾਂ ਚਮਕਾਉਣ ਵਾਲਾ ਕਿਵੇਂ ਅੱਗੇ ਆ ਸਕੇਗਾ। ਪੰਜਾਬ ਨਾਲ ਸੰਬੰਧ ਰੱਖਦੀ ਇਕ ਕਿਸਾਨ ਦੀ ਬੇਟੀ ਨੇ ਓਲੰਪਿਕ ਵਿਚ ਇਕ ਛੋਟੇ ਜਿਹੇ ਪਿੰਡ ਦਾ ਨਾਂ ਅੰਤਰਾਸ਼ਟਰੀ ਪੱਧਰ ‘ਤੇ ਲਿਆ ਦਿੱਤਾ ਹੈ।
ਪੰਜਾਬ ਦੇ ਮਾਲਵਾ ਖਿਤੇ ਦੇ ਜ਼ਿਲਾ ਮੁਕਤਸਰ ਦਾ ਪਿੰਡ ਕਰਬਵਾਲਾ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦਾ ਕਾਰਨ ਹੈ ਇਥੋਂ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਅਤੇ ਕਿਸਾਨ ਪਿਤਾ ਕੁਲਦੀਪ ਸਿੰਘ ਦੀ ਧੀ ਕਮਲਪ੍ਰੀਤ ਕੌਰ ਦਾ ਓਲੰਪਿਕ ਖੇਡਾਂ ਵਿਚ ਸ਼ਨੀਵਾਰ ਨੂੰ ਭਾਰਤ ਦੀ ਟੋਕੀਓ ਓਲੰਪਿਕਸ ਵਿੱਚ ਨੁਮਾਇੰਦਗੀ ਕਰਨ ਵਾਲੀ ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਰਾਊਂਡ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇਸ ਨਾਲ ਆਸ ਬੱਝ ਗਈ ਕਿ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਫਾਈਨਲ ਲਈ ਆਪਣੀ ਥਾਂ ਪੱਕੀ ਬਣਾ ਲਈ ਹੈ। ਡਿਸਕਸ ਥ੍ਰੋਅ ਦਾ ਔਰਤਾਂ ਦਾ ਫਾਈਨਲ ਮੁਕਾਬਲਾ 2 ਅਗਸਤ ਨੂੰ ਹੋਵੇਗਾ।
25 ਸਾਲ ਦੀ ਕਮਲਪ੍ਰੀਤ ਦੇ ਕੁਆਲੀਫਾਇੰਗ ਰਾਊਂਡ ਵਿੱਚ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਓਲੰਪਿਕਸ ਵਿੱਚ ਗੋਲਡ ਮੈਡਲ ਜੇਤੂ ਸਾਂਡਰਾ ਪਰਵੋਕ ਤੋਂ ਵੀ ਵੱਧ ਦੱਸੇ ਜਾ ਰਹੇ ਹਨ। ਕਮਲਪ੍ਰੀਤ ਕੌਰ ਅੱਜ ਕੱਲ੍ਹ ਭਾਰਤੀ ਰੇਲਵੇ ਦੀ ਮੁਲਾਜ਼ਮ ਹੈ।
ਕਮਲਪ੍ਰੀਤ ਕੌਰ ਅਨੁਸਾਰ ਉਸ ਨੇ ਇਸ ਖੇਡ ਦੀ ਸ਼ੁਰੂਆਤ ਨੌਂ ਕੁ ਸਾਲ ਪਹਿਲਾਂ ਕੀਤੀ ਸੀ। ਉਸ ਨੂੰ ਇਸ ਮੁਕਾਮ ਤਕ ਪਹੁੰਚਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਰ ਪਰਿਵਾਰ ਨੇ ਉਸ ਨੂੰ ਡੋਲਣ ਨਾ ਦਿੱਤਾ ਅਤੇ ਖੇਡਾਂ ਪ੍ਰਤੀ ਆਪਣੀ ਲਗਨ ਨੂੰ ਜਾਰੀ ਰੱਖਣ ਦਾ ਹੌਸਲਾ ਦਿੰਦਾ ਰਿਹਾ।
ਉਸ ਨੇ 2014 ਵਿੱਚ ਜੂਨੀਅਰ ਨੈਸ਼ਨਲ ਡਿਸਕਸ ਥ੍ਰੋਅ ‘ਚ 39 ਮੀਟਰ ਸਕੋਰ ਨਾਲ ਗੋਲ੍ਡ ਮੈਡਲ ਜਿੱਤਿਆ ਸੀ। ਸਕੂਲ ਦੀਆਂ ਖੇਡਾਂ ਵਿੱਚ 42 ਮੀਟਰ ਸਕੋਰ ਹਾਸਲ ਕਰਕੇ ਸੋਨ ਤਮਗਾ ਜਿੱਤਿਆ ਅਤੇ 2016 ਵਿੱਚ ਓਪਨ ਨੈਸ਼ਨਲ ਵਿੱਚ ਗੋਲ੍ਡ ਮੈਡਲ ਜਿੱਤਿਆ ਸੀ। ਸੀਨੀਅਰ ਨੈਸ਼ਨਲ ਫੈੱਡਰੇਸ਼ਨ ਮੁਕਾਬਲਿਆਂ ਵਿੱਚ 2018-19 ਅਤੇ 2021 ਵਿੱਚ ਲਗਾਤਾਰ ਗੋਲ੍ਡ ਮੈਡਲ ਜਿੱਤੇ। ਇਸੇ ਤਰ੍ਹਾਂ 2013 ਵਿੱਚ ਕਮਲਪ੍ਰੀਤ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਸਥਾਸਨ ਮਿਲਿਆ। ਪਿੰਡ ਕਬਰਵਾਲ ਦੇ ਕਿਸਾਨ ਦੀ ਇਸ ਧੀ ਦੀ ਇਸ ਪ੍ਰਾਪਤੀ ਉਪਰ ਪਿੰਡ ਵਾਸੀਆਂ ਦੇ ਨਾਲ ਨਾਲ ਸੂਬੇ ਦੇ ਲੋਕਾਂ ਨੂੰ ਵੀ ਮਾਣ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਅਪੀਲ ਹੈ ਕਿ ਉਹ ਕਿਸਾਨ ਦੀ ਮੱਦਦ ਕਰੇ ਅਤੇ ਉਸ ਦੇ ਹੌਸਲੇ ਨੂੰ ਬਰਕਰਾਰ ਰੱਖੇ ਤਾਂ ਕਿ ਕਿਸਾਨ ਦੇ ਧਿਆਨ ਪੁੱਤਰ ਇਸੇ ਤਰ੍ਹਾਂ ਦੇਸ਼ ਦਾ ਨਾਂ ਚਮਕਾਉਂਦੇ ਰਹਿਣ।