ਚੰਡੀਗੜ੍ਹ : ਪੰਜਾਬ ਵਿੱਚ ਤੀਜੇ ਬਦਲ ਲਈ ਕੁਝ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਨਵੇਂ ਸਿਆਸੀ ਸਮੀਕਰਣ ਸਾਹਮਣੇ ਆ ਰਹੇ ਹਨ । ਪਰ ਅੱਜ ਮੁੱਖ ਵਿਰੋਧੀ ਪਾਰਟੀ ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਹੋਣ ਦੀ ਸੰਭਾਵਨਾ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ‘ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਉਸਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਨਾ ਤਾਂ ਕੋਈ ਗਠਜੋੜ ਹੋਇਆ ਹੈ ਤੇ ਨਾ ਹੀ ਇਸ ਸਬੰਧ ਵਿੱਚ ਉਸਦੀ ਕੋਈ ਗੱਲਬਾਤ ਚਲ ਰਹੀ ਹੈ।’
ਇਹ ਜਾਣਕਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਪ੍ਰਭਾਰੀ ਰਾਘਵ ਚੱਢਾ ਨੇ ਇਕ ਟਵੀਟ ਕਰਦਿਆਂ ਸਾਂਝੀ ਕੀਤੀ ਹੈ।
ਇਸ ਤੋਂ ਪਹਿਲਾਂ ਮੀਡੀਆ ਵਿੱਚ ਇਹ ਖਬਰਾਂ ਉੱਛਲੀਆਂ ਸਨ ਕਿ ਆਪ-ਸ੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀਆਂ ਵਿਚਾਲੇ ਗਠਜੋੜ ਹੋ ਰਿਹਾ ਹੈ।
ਉਧਰ ਰਾਘਵ ਚੱਢਾ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਸਾਫ਼ ਕੀਤਾ ਕਿ ਆਪ ਨਾਲ ਗਠਜੋੜ ਦੀਆਂ ਖ਼ਬਰਾਂ ਨਿਰਾਧਾਰ ਹਨ। ਹਲਾਂਕਿ ਪਿਛਲੇ ਮਹੀਨੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ‘ਆਪ’ ਨਾਲ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।