ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਦਾ ਪਹਿਲਾ ਦਿਨ ਹੀ ਹੰਗਾਮਾ ਭਰਪੂਰ ਰਿਹਾ। ਨਵੇਂ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ, ਮੋਦੀ ਨਵੇਂ ਮੰਤਰੀਆਂ ਨੂੰ ਜਾਣੂ ਕਰਵਾਉਣ ਲਈ ਖੜੇ ਹੋਏ ਹੀ ਸੀ ਕਿ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਦਨ ਦੀ ਕਾਰਵਾਈ ਦੇ ਸ਼ੁਰੂ ਹੋਣ ਦੇ ਅੱਠ ਮਿੰਟ ਬਾਅਦ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਨਾਅਰੇਬਾਜ਼ੀ ਭਰਪੂਰ ਹੰਗਾਮਾ ਇੰਨਾ ਜ਼ੋਰਦਾਰ ਸੀ ਕਿ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਦੀ ਜਾਣ-ਪਛਾਣ ਵੀ ਨਾ ਕਰਾ ਸਕੇ, ਇਸ ਤੋਂ ਬਾਅਦ ਸਪੀਕਰ ਨੇ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ। ਇਸ ਤੋਂ ਬਾਅਦ ਵੀ ਸੰਸਦ ਵਿੱਚ ਹੰਗਾਮਾ ਹੁੰਦਾ ਰਿਹਾ, ਆਖਰਕਾਰ ਸਪੀਕਰ ਨੇ ਕਾਰਵਾਈ ਮੰਗਲਵਾਰ ਸਵੇਰ ਤੱਕ ਲਈ ਮੁਲਤਵੀ ਕਰ ਦਿੱਤੀ ।
ਲੋਕ ਸਭਾ ਤੋਂ ਬਾਅਦ ਪ੍ਰਧਾਨ ਮੰਤਰੀ ਰਾਜ ਸਭਾ ਪਹੁੰਚੇ। ਉਥੇ ਵੀ, ਮੋਦੀ ਦੇ ਭਾਸ਼ਣ ਸ਼ੁਰੂ ਕਰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵੱਧ ਰਹੀ ਹੰਗਾਮੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਕਹੀਆਂ ਗਈਆਂ ਗੱਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਮੰਤਰੀ ਮੰਡਲ ਦੇ ਨਵੇਂ ਨਿਯੁਕਤ ਕੀਤੇ ਗਏ ਮੈਂਬਰਾਂ ਨੂੰ ਰਾਜ ਸਭਾ ਵਿੱਚ ਇੰਟਰੋਡਿਊਸ ਮੰਨਿਆ ਜਾਵੇ। ਹੰਗਾਮੇ ਕਾਰਨ ਰਾਜ ਸਭਾ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਅਤੇ ਦੁਪਹਿਰ 3.30 ਵਜੇ ਇਸਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ।
ਮੋਦੀ ਨੇ ਵੀ ਕੱਢੀ ਭੜਾਸ, ਕਿਹਾ- ਵਿਰੋਧੀਆਂ ਨੂੰ ਮਹਿਲਾ-ਦਲਿਤ ਮੰਤਰੀ ਪਸੰਦ ਨਹੀਂ ਆਏ
ਵਿਰੋਧੀ ਧਿਰ ਦੇ ਹੰਗਾਮੇ ‘ਤੇ ਖਿੱਝੇ ਮੋਦੀ ਨੇ ਕਿਹਾ,’ ਮੈਂ ਸੋਚ ਰਿਹਾ ਸੀ ਕਿ ਅੱਜ ਸਦਨ ‘ਚ ਉਤਸ਼ਾਹ ਦਾ ਮਾਹੌਲ ਰਹੇਗਾ ਕਿਉਂਕਿ ਸਾਡੀ ਮਹਿਲਾ ਸੰਸਦ ਮੈਂਬਰ, ਦਲਿਤ ਭਰਾ, ਆਦਿਵਾਸੀ, ਕਿਸਾਨ ਪਰਿਵਾਰਾਂ ਦੇ ਸੰਸਦ ਮੈਂਬਰਾਂ ਨੂੰ ਮੰਤਰੀ ਪ੍ਰੀਸ਼ਦ’ ਚ ਮੌਕਾ ਮਿਲਿਆ ਹੈ। ਉਨ੍ਹਾਂ ਨਾਲ ਜਾਣ-ਪਛਾਣ ਕਰਾਉਣ ਵਿਚ ਖ਼ੁਸ਼ੀ ਹੁੰਦੀ, ਪਰ ਸ਼ਾਇਦ ਦੇਸ਼ ਦੇ ਦਲਿਤਾਂ, ਔਰਤਾਂ, ਓ ਬੀ ਸੀ, ਕਿਸਾਨਾਂ ਦੇ ਪੁੱਤਰ ਮੰਤਰੀ ਬਣ ਜਾਣ, ਕੁਝ ਲੋਕਾਂ ਨੂੰ ਇਹ ਰਾਜ ਨਹੀਂ ਆਇਆ । ਇਹੀ ਕਾਰਨ ਹੈ ਕਿ ਅਜਿਹੇ ਲੋਕਾਂ ਨੇ ਨਵੇਂ ਮੈਂਬਰਾਂ ਦੀ ਜਾਣ-ਪਛਾਣ ਵੀ ਨਹੀਂ ਕਰਵਾਉਣ ਦਿੱਤੀ ।
Such a negative mindset has never been seen in the Parliament: PM @narendramodi in the Rajya Sabha
— PMO India (@PMOIndia) July 19, 2021
ਸੰਸਦ ਵਿੱਚ ਅਜਿਹੀ ਸਥਿਤੀ ਕਰੀਬ 17 ਸਾਲਾਂ ਬਾਅਦ ਵੇਖਣ ਨੂੰ ਮਿਲੀ ਹੈ। ਸਾਲ 2004 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਵਿਰੋਧੀ ਧਿਰ ਨੇ ਇਸੇ ਤਰੀਕੇ ਨਾਲ ਬੋਲਣ ਨਹੀਂ ਦਿੱਤਾ ਸੀ।