ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ) : ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪ੍ਰੇਮ ਸਿੰਘ ਭੰਗੂ ਅਤੇ ਚੰਡੀਗੜ੍ਹ ਨਾਲ ਸਬੰਧਤ ਆਗੂ ਕੰਵਲਜੀਤ ਸਿੰਘ , ਰਵਨੀਤ ਬਰਾੜ ਅਤੇ ਹੋਰਾਂ ਆਗੂਆਂ ਦਾ ਇੱਕ ਵਫ਼ਦ ਚੰਡੀਗੜ੍ਹ ਦੇ ਐਸਐਸਪੀ ਨੂੰ ਮਿਲਿਆ।
ਵਫ਼ਦ ਨੇ ਮੰਗ ਕੀਤੀ ਕਿ ਚੰਡੀਗੜ੍ਹ ਦੇ ਜਿਨ੍ਹਾਂ ਨੌਜਵਾਨਾਂ ਉੱਤੇ ਪੁਲਿਸ ਕੇਸ ਬਣਾ ਰਹੀ ਹੈ ਜਾਂ ਫਿਰ ਛਾਪੇਮਾਰੀ ਕਰ ਰਹੀ ਹੈ ਉਹ ਬੰਦ ਕੀਤੀ ਜਾਵੇ । ਕਿਸਾਨ ਆਗੂਆਂ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਭਰੋਸਾ ਦਿੱਤਾ ਕਿ ਚੰਡੀਗੜ੍ਹ ‘ਚ ਜੋ ਵੀ ਕਿਸਾਨ ਸੰਘਰਸ਼ ਹੋਵੇਗਾ ਉਹ ਅਮਨ ਸ਼ਾਂਤੀ ਪੂਰਬਕ ਹੀ ਕੀਤਾ ਜਾਵੇਗਾ।
ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਨੌਜਵਾਨ ਅਤੇ ਕਿਸਾਨ ਹਮਾਇਤੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਵੱਡੇ ਦੁਸ਼ਮਣ ਨਾਲ ਹੈ ਤੋੜ- ਫੋੜ ਦੀਆਂ ਘਟਨਾਵਾਂ ਬਿਲਕੁਲ ਵੀ ਨਾ ਕੀਤੀਆਂ ਜਾਣ । ਤੋੜ ਫੋੜ ਦੀਆਂ ਘਟਨਾਵਾਂ ਨਾਲ ਕਿਸਾਨ ਸੰਘਰਸ਼ ਨੂੰ ਢਾਹ ਲੱਗਦੀ ਹੈ। ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਿਹੜੇ ਵੀ ਕਿਸਾਨ ਹਮਾਇਤੀ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਦੀਆਂ ਜ਼ਮਾਨਤਾਂ ਸੰਯੁਕਤ ਕਿਸਾਨ ਮੋਰਚਾ ਕਰਵਾਏਗਾ।