ਭਾਰਤ ਵਿੱਚ ਪੱਤਰਕਾਰਾਂ ਉੱਤੇ ਵੱਧ ਰਹੇ ਹਮਲੇ ਚਿੰਤਾਜਨਕ

TeamGlobalPunjab
10 Min Read

-ਗੁਰਮੀਤ ਸਿੰਘ ਪਲਾਹੀ;

ਹਾਕਮਾਂ ਦੀ ਤਾਨਾਸ਼ਾਹੀ ਦੇ ਵਿਰੁੱਧ ਪ੍ਰਦਰਸ਼ਨ, ਭ੍ਰਿਸ਼ਟਾਚਾਰ, ਨਾਗਰਿਕ ਹੱਕਾਂ ਦੇ ਖੋਹ-ਖਿੱਚ ਜਿਹੇ ਮੁੱਦਿਆਂ ਉੱਤੇ ਧਰਨੇ-ਪ੍ਰਦਰਸ਼ਨਾਂ ਦੇ ਦੌਰਾਨ ਸੁਰੱਖਿਆ ਬਲ ਮੀਡੀਆ ਦੇ ਲੋਕਾਂ ਨੂੰ ਵੀ ਨਿਸ਼ਾਨੇ ਉੱਤੇ ਲੈਣ ਤੋਂ ਨਹੀਂ ਹਿਚਕਚਾਉਂਦੇ। ਜ਼ਿਆਦਾ ਫ਼ਿਕਰ ਵਾਲੀ ਗੱਲ ਤਾਂ ਇਹ ਹੈ ਕਿ ਲੋਕਤੰਤਰੀ ਵਿਵਸਥਾ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ਾਂ ਵਿੱਚ ਇਹੋ ਜਿਹਾ ਵਰਤਾਰਾ ਵਧ ਰਿਹਾ ਹੈ। ਪੱਤਰਕਾਰਾਂ ਨੂੰ ਗੈਰ-ਕਾਨੂੰਨੀ ਰੂਪ ਵਿੱਚ ਬੰਦੀ ਬਣਾ ਲਿਆ ਜਾਣਾ, ਗਿ੍ਰਫ਼ਤਾਰ ਕਰ ਲੈਣਾ ਅਤੇ ਉਹਨਾ ਉੱਤੇ ਕਈ ਮੁੱਕਦਮੇ ਠੋਕ ਦੇਣਾ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਬਹੁਤ ਸਾਰੇ ਪੱਤਰਕਾਰਾਂ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ।

ਯੁੱਧ ਅਤੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਤਾਂ ਇਹੋ ਜਿਹੇ ਖ਼ਤਰਿਆਂ ਦਾ ਸਾਹਮਣਾ ਕਰਨਾ ਨਵੀਂ ਗੱਲ ਨਹੀਂ ਹੈ। ਯੁੱਧ ਦੇ ਮਾਹੌਲ ਵਿਚ ਕਦੋਂ ਕਿਸਨੂੰ ਗੋਲੀ ਜਾਂ ਬੰਬ ਹਮਲੇ ਦਾ ਸ਼ਿਕਾਰ ਹੋਣਾ ਪੈ ਜਾਏ ਕੋਈ ਨਹੀਂ ਜਾਣਦਾ। ਹੁਣੇ ਜਿਹੇ ਦੁਨੀਆ ਦਾ ਵਕਾਰੀ ਪੁਲਿਟਜ਼ਰ ਇਨਾਮ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਕੰਧਾਰ ਵਿਚ ਤਾਲਿਬਾਨ ਤੇ ਅਫਗਾਨ ਫੌਜੀਆਂ ਵਿਚਾਲੇ ਫਾਇਰਿੰਗ ’ਚ ਫਸ ਕੇ ਮਾਰਿਆ ਗਿਆ। ਉਹ ਅਫਗਾਨਿਸਤਾਨ ਦੇ ਹਾਲਾਤ ਦੀਆਂ ਤਸਵੀਰਾਂ ਰਾਹੀਂ ਦੁਨੀਆਂ ਨੂੰ ਜਾਣਕਾਰੀ ਦੇ ਰਿਹਾ ਸੀ। ਦਾਨਿਸ਼ ਸਿਦੀਕੀ ਇਕ ਇਹੋ ਜਿਹਾ ਫੋਟੋ ਪੱਤਰਕਾਰ ਸੀ ਜਿਸ ਨੂੰ ਵੱਡੀਆਂ ਘਟਨਾਵਾਂ ਕਵਰ ਕਰਨ ਦਾ ਜਨੂੰਨ ਸੀ।

ਇਕ ਨਹੀਂ ਅਨੇਕਾਂ ਉਦਾਹਰਨਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਾਂ ਰਾਸ਼ਟਰੀ ਪੱਧਰ ਉੱਤੇ ਪੱਤਰਕਾਰਾਂ ਉੱਤੇ ਹਮਲਿਆਂ ਅਤੇ ਉਹਨਾ ਦੀਆਂ ਜਾਨਾਂ ਗੁਆਉਣ ਦੀਆਂ ਜਾਂ ਹਾਕਮਾਂ ਜਾਂ ਗੁੰਡਿਆਂ ਵਲੋਂ ਪੱਤਰਕਾਰਾਂ ਦੀਆਂ ਜਾਨਾਂ ਲੈਣ ਦੀਆਂ ਦਿੱਤੀਆਂ ਜਾ ਸਕਦੀਆਂ ਹਨ।

- Advertisement -

ਇਸ ਸਮੇਂ ਇਸੇ ਕਰਕੇ ਮੀਡੀਆਂ ਕਰਮੀਆਂ ਦੀ ਸੁਰੱਖਿਆ ਇਕ ਗੰਭੀਰ ਫ਼ਿਕਰ ਦੀ ਗੱਲ ਹੈ। ਸਵਾਲ ਹੈ ਕਿ ਜੇਕਰ ਮੀਡੀਆ ਕਰਮੀ ਸੱਚ ਨਹੀਂ ਦਿਖਾਉਣਗੇ ਤਾਂ ਜਨਤਾ ਨੂੰ ਅਸਲੀਅਤ ਕਿਵੇਂ ਪਤਾ ਲੱਗੇਗੀ? ਜੇਕਰ ਭਾਰਤ ਵਿਚ ਵੱਡਾ ਮੀਡੀਆ, ਹਾਕਮ ਗੋਦੀ ਲੈ ਲੈਣਗੇ ਤਾਂ ਲੋਕਾਂ ਦੀ ਹਿਤੈਸ਼ੀ ਪੱਤਰਕਾਰੀ ਕੌਣ ਕਰੇਗਾ? ਜੇਕਰ ਪੱਤਰਕਾਰ ਹਾਕਮਾਂ ਦਾ ਧੁਤੂ ਬਣਕੇ ਰਹਿ ਜਾਣਗੇ ਤਾਂ ਲੋਕਾਂ ਦੇ ਦੁੱਖ ਹਰਨ ਲਈ ਕੌਣ ਅੱਗੇ ਆਏਗਾ? ਵਿਸ਼ਵ ਭਰ ਵਿਚ ਜਿੰਨੇ ਇਨਕਲਾਬ ਆਏ, ਜਿੰਨੇ ਬਦਲ ਵੇਖਣ ਨੂੰ ਮਿਲੇ ਉਹਨਾਂ ਵਿਚ ਉਥੋਂ ਦੇ ਚਿੰਤਕਾਂ, ਲੇਖਕਾਂ, ਬੁਧੀਜੀਵੀਆਂ, ਪੱਤਰਕਾਰਾਂ ਦਾ ਵਿਸ਼ੇਸ਼ ਰੋਲ ਰਿਹਾ ਅਤੇ ਉਹ ਆਪਣੇ ਜਿਸਮ ਆਪਣੇ ਮਨ ਉੱਤੇ ਕਸ਼ਟ ਝੱਲਕੇ ਲੋਕਾਂ ਦੇ ਰਾਹ ਦਸੇਰਾ ਬਣਦੇ ਰਹੇ ਹਨ।

ਪੱਤਰਕਾਰਾਂ ਦੀ ਵਿਸ਼ਵ ਪ੍ਰਸਿੱਧ ਜਥੇਬੰਦੀ, ਕਮੇਟੀ ਟੂ ਪ੍ਰੋਟੈਕਟ ਜਨਰਲਿਸਟਸ ਨੇ ਸਾਲ 2020 ਦੀ ਰਿਪੋਰਟ ਛਾਪੀ ਹੈ, ਜਿਸ ’ਚ ਦੱਸਿਆ ਹੈ ਕਿ ਸਾਲ 2020 ਵਿੱਚ ਪਹਿਲੀ ਦਸੰਬਰ 2020 ਤੱਕ 274 ਪੱਤਰਕਾਰ ਵੱਖੋ-ਵੱਖਰੀਆਂ ਸਰਕਾਰਾਂ ਵੱਲੋਂ ਜੇਲ੍ਹ ’ਚ ਤੁੰਨੇ ਗਏ।ਇਹ ਸੰਸਥਾ 1990 ਤੋਂ ਇਸ ਕਿਸਮ ਦੀਆਂ ਰਿਪੋਰਟਾਂ ਇਕੱਤਰ ਕਰਦੀ ਹੈ। ਸੰਸਥਾ ਅਨੁਸਾਰ 2019 ’ਚ 250 ਪੱਤਰਕਾਰ ਜੇਲ੍ਹਾਂ ’ਚ ਸੁੱਟੇ ਗਏ ਸਨ। 2020 ਵਿਚ ਇਹਨਾਂ 274 ਵਿਚੋਂ 36 ਪੱਤਰਕਾਰਾਂ ਨੂੰ ਝੂਠੀਆਂ ਖ਼ਬਰਾਂ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ ਗਿਆ। 274 ਜੇਲ੍ਹ ਭੇਜੇ ਗਏ ਪੱਤਰਕਾਰਾਂ ਵਿਚੋਂ 4 ਪੱਤਰਕਾਰ ਭਾਰਤੀ ਸਨ। ਆਲਿਫ ਸੁਲਤਾਨ (ਕਸ਼ਮੀਰ ਨੈਰੇਟਰ), ਫਰੀ ਲਾਂਸਰ ਗੌਤਮ ਨੌਲੱਖਾ, ਆਨੰਦ ਤੰਬਰ ਅਤੇ ਸਿਦੀਕੀ ਕਾਪਾਨ ਨੂੰ ਵੱਖੋ-ਵੱਖਰੀਆਂ ਭਾਰਤੀ ਕਾਨੂੰਨੀ ਧਰਾਵਾਂ ’ਚ ਜੇਲ੍ਹ ਭੇਜਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹਾਂ ਦਾ ਜਿਹਨਾ ਪੱਤਰਕਾਰਾਂ ਨੂੰ ਰਸਤਾ ਵਿਖਾਇਆ ਗਿਆ ਉਹਨਾਂ ਵਿਚੋਂ ਦੋ ਤਿਹਾਈ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹ ਆਤੰਕੀ ਗੁੱਟਾਂ ਅਤੇ ਪਾਬੰਦੀਸ਼ੁਦਾ ਗਰੁੱਪਾਂ ਦੇ ਮੈਂਬਰ ਹਨ।

ਭਾਰਤ ਵਿਚ ਵੀ ਬਹੁਤ ਸਾਰੇ ਬੁੱਧੀਜੀਵੀ, ਲੇਖਕ, ਪੱਤਰਕਾਰ ਜੇਲ੍ਹੀ ਡੱਕੇ ਗਏ ਅਤੇ ਉਹਨਾਂ ਉੱਤੇ ਰਾਜ ਧਰੋਹ ਦੀ ਧਾਰਾ 124 ਏ ਲਗਾਈ ਗਈ। ਇਹੀ ਧਾਰਾ ਅਤੇ ਕਾਨੂੰਨ ਮਹਾਤਮਾ ਗਾਂਧੀ ਦੇ ਖਿਲਾਫ਼ ਬਰਤਾਨਵੀ ਸਮਰਾਜ ਵੱਲੋਂ ਵਰਤੇ ਗਏ ਸਨ। ਇਹ ਕਾਨੂੰਨ ਮਹਾਤਮਾ ਗਾਂਧੀ ਨੂੰ ਚੁੱਪ ਕਰਵਾਉਣ ਲਈ ਵਰਤਿਆ ਗਿਆ ਸੀ।

ਪੁਲਿਸ ਜੇਕਰ ਕਿਸੇ ਨੂੰ ਫਸਾਉਣਾ ਚਾਹੁੰਦੀ ਹੈ ਤਾਂ ਧਾਰਾ 124 ਏ ਵੀ ਲਾ ਦਿੰਦੀ ਹੈ। ਜਿਸ ’ਤੇ ਇਹ ਧਾਰਾ ਲੱਗਦੀ ਹੈ, ਉਹ ਡਰ ਜਾਂਦਾ ਹੈ। ਪਰ ਵੇਖਣ ਵਿਚ ਆਇਆ ਹੈ ਕਿ ਭਾਰਤ ਦੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਡਰਨ ਦੀ ਵਿਜਾਏ ਜੇਲ੍ਹ ਜਾਣਾ ਪ੍ਰਵਾਨ ਕੀਤਾ। ਇਸ ਧਾਰਾ ਦੀ ਵਰਤੋਂ ਦੇਸ਼ ਵਿਚ ਇੰਦਰਾ ਗਾਂਧੀ ਸਾਸ਼ਨ ਕਾਲ ਵਿਚ ਵੀ ਕੀਤੀ ਗਈ, ਪਰ ਇਸ ਦੀ ਬਹੁਤੀ ਵਰਤੋਂ ਮੌਜੂਦਾ ਦੌਰ ਵਿਚ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ। ਇਸ ਧਾਰਾ ਦੀ ਦੁਰਵਰਤੋਂ ਸਬੰਧੀ ਦੇਸ਼ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ’ਤੇ ਇਹਨੀਂ ਦਿਨੀਂ ਸਵਾਲ ਉਠਾਏ ਹਨ।

ਹਾਕਮਾਂ ਵਲੋਂ ਜੇਲ੍ਹਾਂ ’ਚ ਪੱਤਰਕਾਰਾਂ ਨੂੰ ਸੁੱਟਣ ਤੋਂ ਬਿਨਾਂ ਉਹਨਾਂ ਉੱਤੇ ਜ਼ਾਲਮਾਨਾ ਹਮਲੇ ਅਪਰਾਧੀ ਗਰੁੱਪਾਂ ਵਲੋਂ ਕੀਤੇ ਜਾਂਦੇ ਹਨ, ਕਿਉਂਕਿ ਪੱਤਰਕਾਰਾਂ ਵਲੋਂ ਉਹਨਾ ਦੀਆਂ ਗੈਰ-ਜ਼ੁੰਮੇਵਾਰਾਨਾ, ਮੁਜ਼ਰਮਾਨਾਂ ਅਤੇ ਗੈਰ-ਸਮਾਜੀ ਕਾਰਵਾਈਆਂ ਦਾ ਪਰਦਾਫਾਸ਼ ਕੀਤਾ ਜਾਂਦਾ ਹੈ।

- Advertisement -

ਯੂਨੈਸਕੋ ਰਿਪੋਰਟ ਅਨੁਸਾਰ ਭਾਰਤ ਵਿੱਚ ਰਜੇਸ਼ ਵਰਮਾ ਫੋਟੋ ਜਨਰਲਿਸਟ ਦਾ ਕਤਲ ਭੀੜ ਵਲੋਂ 7 ਸਤੰਬਰ 2013 ਨੂੰ ਮੁਜੱਫਰਪੁਰ (ਉੱਤਰ ਪ੍ਰਦੇਸ਼) ‘ਚ ਕੀਤਾ ਗਿਆ। ਰਕੇਸ਼ ਵਰਮਾ ਦਾ ਜੋ ਹਿੰਦੀ ਦੈਨਿਕ ਆਜ ਲਈ ਆਰਟੀਕਲ ਲਿਖਦਾ ਸੀ, ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਬਾਕੇਵਾਰ (ਯੂ.ਪੀ.) ‘ਚ ਗੋਲੀਆਂ ਮਾਰਕੇ ਮਾਰ ਦਿੱਤਾ। ਯੂਨੈਸਕੋ ਰਿਪੋਰਟਾਂ ਦਸਦੀਆਂ ਹਨ ਕਿ 2007 ਵਿੱਚ 4, 2013 ਵਿੱਚ 4, 2014 ਵਿੱਚ 6, 2015 ਵਿੱਚ 5, 2016 ਵਿੱਚ 5, 2017 ਵਿੱਚ 6, 2019 ਵਿੱਚ 6 ਪੱਤਰਕਾਰਾਂ ਦੇ ਕਤਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੀਤੇ ਗਏ। ਸੁਭਾਸ਼ ਸ਼ਿਰੀਵਾਸਤਵ ਦਾ ਕਤਲ 13 ਜੂਨ 2021 ਨੂੰ, ਐਸ.ਵੀ. ਪਰਦੀਪ ਦਾ ਕਤਲ 14 ਦਸੰਬਰ 2021 ਨੂੰ ਅਤੇ ਰਕੇਸ਼ ਸਿੰਘ ਦਾ ਕਤਲ 27 ਨਵੰਬਰ 2020 ਨੂੰ ਕੀਤਾ ਗਿਆ। ਭਾਵ ਸਾਲ 2020 ਵਿੱਚ 6 ਪੱਤਰਕਾਰਾਂ ਦਾ ਕਤਲ ਗੈਰ-ਸਮਾਜੀ ਅਪਰਾਧੀ ਅਨਸਰਾਂ ਨੇ ਕੀਤਾ। ਇੱਕ ਰਿਪੋਰਟ ਅਨੁਸਾਰ 1992 ਤੋਂ 2021 ਤੱਕ ਭਾਰਤ ‘ਚ 52 ਪੱਤਰਕਾਰਾਂ ਨੂੰ ਜਾਨੋਂ ਮਾਰਿਆ ਗਿਆ।

ਹਾਕਮ ਦੀ ਭੈੜੀ ਸੋਚ, ਗੈਰ ਸਮਾਜੀ ਅਨਸਰਾਂ ਦੇ ਭੈੜੇ ਵਰਤਾਉ ਤੋਂ ਬਿਨ੍ਹਾਂ ਪੱਤਰਕਾਰਾਂ ਨੂੰ ਹੋਰ ਵੱਡੇ ਜ਼ੋਖ਼ਮ ਵੀ ਉਠਾਉਣੇ ਪੈਂਦੇ ਹਨ। ਦੇਸ਼ ‘ਚ ਫੈਲੀ ਮਹਾਂਮਾਰੀ ਦੇ ਦੌਰਾਨ ਸਾਲ 2021 ਵਿੱਚ 121 ਪੱਤਰਕਾਰਾਂ ਨੂੰ ਕੋਵਿਡ ਬਿਮਾਰੀ ਦਾ ਸ਼ਿਕਾਰ ਬਨਣਾ ਪਿਆ ਅਤੇ ਅਪ੍ਰੈਲ 2021 ਤੱਕ 171 ਪੱਤਰਕਾਰ ਕੋਵਿਡ ਦੀ ਭੇਂਟ ਚੜ ਗਏ ਭਾਵ ਕੋਵਿਡ ਬੀਮਾਰੀ ਨਾਲ ਮਰ ਗਏ। ਇਹ ਪੱਤਰਕਾਰ ਮੁੱਖ ਤੌਰ ‘ਤੇ ਯੂ.ਪੀ. ਮਹਾਂਰਾਸ਼ਟਰ, ਦਿੱਲੀ ਅਤੇ ਤਿਲੰਗਾਨਾ ਨਾਲ ਸੰਬੰਧਤ ਸਨ। ਇਹਨਾ ਵਿੱਚੋਂ ਬਹੁਤੇ ਪੱਤਰਕਾਰ ਚੋਣਾਂ ਦੌਰਾਨ ਰਿਪੋਰਟਾਂ ਤਿਆਰ ਕਰਦੇ ਵੱਡੀਆਂ ਭੀੜਾਂ ‘ਚ ਆਪਣੀ ਡਿਊਟੀ ਨਿਭਾਉਣ ਜਾਂਦੇ ਸਨ।

ਭਾਰਤ ਵਿੱਚ ਪੱਤਰਕਾਰਾਂ ਉਤੇ ਹਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਪੰਜ ਵਰਿ੍ਹਆਂ ਵਿੱਚ ਭਾਵ 2014 ਤੋਂ 2019 ਤੱਕ 200 ਤੋਂ ਵੀ ਜਿਆਦਾ ਤਿੱਖੇ ਹਮਲੇ ਭਾਰਤੀ ਪੱਤਰਕਾਰਾਂ ਉੱਤੇ ਹੋਏ ਹਨ। ‘ਦੀ ਵਾਇਰ‘ ਮੈਗਜ਼ੀਨ ਦੀ ਇਕ ਰਿਪੋਰਟ ਅਨੁਸਾਰ 2014 ਤੋਂ 2019 ਤੱਕ 40 ਪੱਤਰਕਾਰ ਇਹਨਾਂ ਹਮਲਿਆਂ ਵਿਚ ਮਾਰੇ ਗਏ,ਜਿਹਨਾਂ ਵਿੱਚ 21 ਪੱਤਰਕਾਰੀ ਦੇ ਕਾਰਜਾਂ ਕਾਰਨ ਮਾਰੇ ਗਏ। ਰੇਤ ਮਾਫੀਆ ਦੀ ਰਿਪੋਰਟਾਂ ਭੇਜਣ ਵਾਲੇ ਸੰਦੀਪ ਸ਼ਰਮਾ ਨੂੰ ਮੱਧ ਪ੍ਰਦੇਸ਼ ਵਿੱਚ ਆਪਣੀ ਜਾਨ ਤੋਂ ਹੱਥ ਧੋਣੇ ਪਏ । ਬਿਹਾਰ ਵਿੱਚ ਮਾਫੀਆ ਦੇ ਟਰੱਕ ਨੇ ਆਪਣੇ ਟਾਇਰਾਂ ਥੱਲੇ ਕੁਚਲ ਕੇ ਪੱਤਰਕਾਰ ਵਿਜੈ ਸਿੰਘ ਅਤੇ ਨਵੀਨ ਨਿਸਚਲ ਨੂੰ ਮਾਰ ਦਿੱਤਾ।

ਭਾਰਤ ਦਾ ਸੁਚੇਤ ਮੀਡੀਆ ਲਗਾਤਾਰ ਭਾਰਤ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਉਤੇ ਰਿਪੋਰਟਾਂ ਛਾਪਿਆ ਕਰਦਾ ਹੈ। ਇਹ ਰਿਪੋਰਟਾਂ ਆਮ ਤੌਰ ‘ਤੇ ਰੇਤ ਖਨਣ, ਨਸ਼ਾ ਤਸਕਰਾਂ, ਭੂ-ਮਾਫੀਆ, ਪਾਣੀ ਮਾਫੀਆ ਨਾਲ ਸਬੰਧਤ ਖੋਜ਼ੀ ਰਿਪੋਰਟਾਂ ਹਨ, ਜਿਹਨਾ ਵਿੱਚ ਪੁਲਿਸ ਪ੍ਰਸਾਸ਼ਨ, ਮਾਫੀਆ ਅਤੇ ਬੇਈਮਾਨ ਸਿਆਸਤਦਾਨਾਂ ਦੀ ਮਿਲੀ ਭੁਗਤ ਦਰਸਾਈ ਜਾਂਦੀ ਹੈ। ਜਿਸ ਤੋਂ ਇਹ ਤਿਕੜੀ ਪਰੇਸ਼ਾਨ ਹੁੰਦੀ ਹੈ ਅਤੇ ਪੱਤਰਕਾਰਾਂ ਦਾ ਸਫਾਇਆ ਆਪਣੇ ਗੁੰਡੇ-ਗੈਂਗਾਂ ਰਾਹੀਂ ਕਰਦੀ ਹੈ।

ਉਂਜ ਦੇਸ਼ ਵਿੱਚ ਜਿਸ ਕਿਸਮ ਦਾ “ਸਿਆਸੀ ਸਭਿਆਚਰ“ ਪੈਦਾ ਹੋ ਰਿਹਾ ਹੈ, ਜਿਥੇ ਲੋਕ ਸਭਾ ਅਤੇ ਵਿਧਾਨ ਸਭਾ ਆਦਿ ਵਿੱਚ ਅਪਰਾਧਿਕ ਪਿਛੋਕੜ ਵਾਲੇ ਅਤੇ ਵੱਡੇ ਧੰਨ-ਕੁਬੇਰ ਪੁੱਜ ਰਹੇ ਹਨ, ਜਿਹੜੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਹਰ ਹੀਲਾ ਵਰਤਦੇ ਹਨ।ਇਹਨਾ ਹੀਲਿਆਂ-ਵਸੀਲਿਆਂ ਵਿੱਚ ਮੀਡੀਆ ਹਾਊਸਾਂ ਅਤੇ ਵੱਡੇ ਪੱਤਰਕਾਰਾਂ ਦੀ ਖ਼ਰੀਦੋ-ਫ਼ਰੋਖਤ ਆਮ ਜਿਹੀ ਗੱਲ ਬਣ ਚੁੱਕੀ ਹੈ। ਹੈਰਾਨੀ ਹੁੰਦੀ ਹੈ ਉਸ ਵੇਲੇ ਜਦੋਂ ਦੇਸ਼ ਦੀ ਮੌਜੂਦਾ ਕੈਬਨਿਟ ਬਾਰੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰੀਫਾਰਮਜ਼ ਦੀ ਇੱਕ ਰਿਪੋਰਟ ਛੱਪਦੀ ਹੈ ਕਿ ਮੌਜੂਦਾ ਮੋਦੀ ਕੈਬਨਿਟ ਵਿੱਚ ਕੁੱਲ 78 ਮੰਤਰੀਆਂ ਵਿੱਚੋਂ 33 ਭਾਵ 42 ਫ਼ੀਸਦੀ ਅਪਰਾਧਿਕ ਪਿਛੋਕੜ ਵਾਲੇ ਹਨ। ਭਾਵ ਉਹਨਾ ਵਿਰੁੱਧ ਅਪਰਾਧਿਕ ਮੁਆਮਲੇ ਦਰਜ਼ ਹਨ। ਇਹਨਾ ਵਿਚੋਂ 31 ਫ਼ੀਸਦੀ (ਭਾਵ 24) ਉਤੇ ਕਤਲ, ਡਾਕੇ ਆਦਿ ਦੇ ਗੰਭੀਰ ਦੋਸ਼ ਹਨ।

ਸਾਲ 2016 ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਨਰਲਿਸਟ ਨੇ ਭਾਰਤ ਨੂੰ ਅੱਠਵੇਂ ਇਹੋ ਜਿਹੇ ਦੇਸ਼ ਵਿੱਚ ਗਿਣਿਆ, ਜਿਹੜਾ ਪੱਤਰਕਾਰਾਂ ਲਈ ਖਤਰਨਾਕ ਹੈ। ਪਰ ਪਿਛਲੇ ਦੋ ਸਾਲਾਂ ਤੋਂ ਭਾਰਤ ਨੂੰ ਉਹਨਾਂ ਦੇਸ਼ਾਂ ਵਿੱਚ ਗਿਣਿਆ ਜਾ ਰਿਹਾ ਹੈ,ਜਿੱਥੇ ਪੱਤਰਕਾਰਾਂ ਨੂੰ ਜਾਨ ਦਾ ਜੋਖ਼ਮ ਵੱਧ ਹੈ।

ਬਿਨ੍ਹਾਂ ਸ਼ੱਕ ਪੱਤਰਕਾਰਾਂ ਉੱਤੇ ਇਸ ਕਿਸਮ ਦੇ ਹਮਲੇ ਉਹਨਾਂ ਨੂੰ ਸੱਚ ਬੋਲਣ ਤੋਂ ਰੋਕਣ ਲਈ ਕੀਤੇ ਜਾਂਦੇ ਹਨ। ਹਕੂਮਤਾਂ ਵੀ ਆਪਣਾ ਸੱਚ ਲੁਕੋਣ ਲਈ ਪੱਤਰਕਾਰਾਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਅਤੇ ਲਾਲਚ ਦਿੰਦੀਆਂ ਹਨ।

ਪੱਤਰਕਾਰੀ ਇਕ ਪਵਿੱਤਰ ਕਿੱਤਾ ਹੈ। ਪੱਤਰਕਾਰੀ ਵਿੱਚ ਸ਼ਾਮਲ ਹੋਈਆਂ ਕਾਲੀਆਂ ਭੇਡਾਂ, ਪੱਤਰਕਾਰੀ ਦੇ ਮੱਥੇ ਉੱਤੇ ਕਲੰਕ ਹਨ। ਪਰ ਚੰਗੀ, ਲੋਕ ਹਿਤੈਸ਼ੀ ਪੱਤਰਕਾਰੀ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ, ਜੋ ਨੰਗੇ ਧੜ ਪੱਤਰਕਾਰੀ ਕਰਦੇ ਹਨ ਅਤੇ ਚੰਗੇ-ਮਾੜੇ ਸਿੱਟਿਆਂ ਤੋਂ ਨਿਰਲੇਪ ਲੋਕਾਂ ਦੇ ਅੰਗ-ਸੰਗ ਖੜਦੇ ਹਨ।

ਸੰਪਰਕ: 9815802070

Share this Article
Leave a comment