ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ): ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਹੋਣ ਵਾਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਮਾਇਤੀਆਂ ਨਾਲ ਅੱਜ ਉਸ ਵੇਲੇ ਕਲੋਲ ਹੋ ਗਈ ਜਦੋਂ ਢੋਲ ਧਮੱਕੇ ਵਾਲੇ ਬੁਲਾਕੇ ਸਿੱਧੂ ਹਮਾਇਤੀ ਭੰਗੜਾ ਨਾ ਪਾ ਸਕੇ।
ਅਸਲ ਵਿੱਚ ਮੀਡੀਆ ਦੇ ਕੁਝ ਹਿੱਸੇ ਨੇ ਇਹ ਖ਼ਬਰ ਲਗਾ ਦਿੱਤੀ ਸੀ ਕਿ ਸਾਢੇ ਛੇ ਵਜੇ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਪੱਤਰ ਜਾਰੀ ਹੋ ਜਾਣਾ ਹੈ। ਇਹ ਖ਼ਬਰ ਵਾਇਰਲ ਹੋਣ ਤੋਂ ਬਾਅਦ ਯੂਥ ਵਿੰਗ ਨਾਲ ਸਬੰਧਤ ਕੁਝ ਆਗੂਆਂ ਨੇ ਢੋਲ ਢਮੱਕੇ ਵਾਲੇ ਸਾਈ ਦੇ ਕੇ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਬੁਲਾ ਲਿਆ।
ਢੋਲੀ ਤਾਂ ਸਮੇਂ ਸਿਰ ਆ ਗਿਆ ਪਰ ਸਿੱਧੂ ਦੇ ਹਮਾਇਤੀ ਉਥੇ ਨਹੀਂ ਪਹੁੰਚੇ। ਪਰ ਕੁਝ ਮੀਡੀਆ ਕਰਮੀ ਪਹੁੰਚੇ ਸਨ ਜੋ ਬੋਰ ਹੋਣ ਲੱਗ ਪਏ। ਆਪਣੀ ਬੋਰੀਅਤ ਨੂੰ ਦੂਰ ਕਰਨ ਲਈ ਮੀਡੀਆ ਕਰਮੀਆਂ ਨੇ ਢੋਲ ਵਾਲੇ ਨੂੰ ਢੋਲ ‘ਤੇ ਡੱਗਾ ਲਗਾਉਣ ਲਈ ਕਿਹਾ ਤਾਂ ਢੋਲੀ ਬਿਨਾਂ ਕੁਝ ਦੇਖੇ ਢੋਲ ‘ਤੇ ਡੱਗਾ ਲਗਾਈ ਗਿਆ ਜਦਕਿ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲਾ ਵੱਡਾ ਬੋਰਡ ਲੱਗਿਆ ਹੋਇਆ ਸੀ।
ਦੂਜੇ ਪਾਸੇ ਚਰਚਾ ਇਹ ਵੀ ਸੀ ਕਿ ਅੱਜ ਦੇਰ ਸ਼ਾਮ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਸਬੰਧੀ ਪੱਤਰ ਜਾਰੀ ਕਰ ਦੇਵੇਗੀ ਪਰ ਉਹ ਪੱਤਰ ਵੀ ਜਾਰੀ ਨਹੀਂ ਹੋਇਆ ਜਿਸ ਕਾਰਨ ਸਿੱਧੂ ਹਮਾਇਤੀਆਂ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ।