ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਖੇਤੀਬਾੜੀ ਅਤੇ ਸਿਹਤ ਦੇ ਖੇਤਰਾਂ ਲਈ ਕਈ ਅਹਿਮ ਫੈਸਲੇ ਲਏ ਗਏ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀ ਸਬੰਧੀ ਕੁਝ ਐਲਾਨ ਕਰਦਿਆਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰ ਕੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਬੈਠਕ ‘ਚ ਫ਼ੈਸਲਾ ਕੀਤਾ ਗਿਆ ਹੈ ਕਿ ਮੰਡੀਆਂ ਰਾਹੀਂ ਕਿਸਾਨਾਂ ਨੂੰ 1 ਲੱਖ ਕਰੋੜ ਰੁਪਏ ਦਾ ਫ਼ਾਇਦਾ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮਐੱਸਪੀ ‘ਤੇ ਫ਼ਸਲਾਂ ਦੀ ਖ਼ਰੀਦ ਜਾਰੀ ਰਹੇਗੀ ਤੇ ਏਪੀਐੱਮਸੀ ਮਾਰਕੀਟ ਜਾਰੀ ਰਹੇਗੀ, ਬਲਕਿ ਹੋਰ ਮਜ਼ਬੂਤ ਬਣਾਈ ਜਾਵੇਗੀ। ਤੋਮਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੀਤੇ ਸੱਤ ਸਾਲਾਂ ‘ਚ ਲਗਾਤਾਰ ਕਿਸਾਨਾਂ ਦੇ ਹਿੱਤ ‘ਚ ਕਈ ਫੈਸਲੇ ਲਏ ਹਨ।
ਨਰਿੰਦਰ ਮੋਦੀ ਸਰਕਾਰ ਵਲੋਂ ਬੀਤੇ ਸਾਲ 2020 ‘ਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਅੰਦੋਲਨ ਕਰ ਰਹੇ ਹਨ।