ਕਾਬੁਲ : ਤਾਲਿਬਾਨ ਇਕ ਵਾਰ ਫਿਰ ਅਫ਼ਗਾਨਿਸਤਾਨ ‘ਚ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ। ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਅਫ਼ਗਾਨ ਸੁਰੱਖਿਆ ਬਲਾਂ ‘ਤੇ ਭਾਰੀ ਪੈ ਰਹੇ ਹਨ। ਤਾਲਿਬਾਨ ਨੇ ਇਕ ਤਿਹਾਈ ਜ਼ਿਲ੍ਹਿਆਂ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਉੱਤਰ ਪੂਰਬੀ ਅਫ਼ਗਾਨਿਸਤਾਨ ‘ਚ ਤਾਲਿਬਾਨ ਨਿਰੰਤਰ ਬੜ੍ਹਤ ਬਣਾ ਰਿਹਾ ਹੈ ਤੇ ਹਰ ਰੋਜ਼ ਕਈ ਜ਼ਿਲ੍ਹੇ ਉਸ ਦੇ ਕਬਜ਼ੇ ‘ਚ ਆ ਰਹੇ ਹਨ। ਤਾਲਿਬਾਨ ਦੇ ਖਦੇੜੇ ਜਾਣ ਤੋਂ ਬਾਅਦ ਸੁਰੱਖਿਆ ਬਲ ਦੇ ਤਿੰਨ ਸੌ ਫ਼ੌਜੀ ਆਪਣੇ ਦੇਸ਼ ਦੀ ਸਰਹੱਦ ਪਾਰ ਕਰਕੇ ਤਾਜ਼ਿਕਿਸਤਾਨ ‘ਚ ਪਹੁੰਚ ਗਏ।
ਤਾਜ਼ਿਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਦੀ ਸੂਬਾਈ ਕਮੇਟੀ ਨੇ 300 ਅਫ਼ਗਾਨ ਫ਼ੌਜੀਆਂ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਕਮੇਟੀ ਨੇ ਕਿਹਾ ਹੈ ਕਿ ਬਦਖਸ਼ਾਨ ਸੂਬੇ ਨਾਲ ਲੱਗਦੀ ਸਰਹੱਦ ਤੋਂ ਇਹ ਫ਼ੌਜੀ ਆਏ ਹਨ। ਮਨੁੱਖਤਾ ਦੇ ਆਧਾਰ ‘ਤੇ ਇਨ੍ਹਾਂ ਨੂੰ ਇੱਥੇ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਅਪ੍ਰੈਲ ‘ਚ ਅਮਰੀਕੀ ਰਾਸ਼ਟਰਪਤੀ Joe Biden ਦੀ ਫ਼ੌਜ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਪੂਰੇ ਅਫ਼ਗਾਨਿਸਤਾਨ ‘ਚ ਤਾਲਿਬਾਨ ਨਿਰੰਤਰ ਆਪਣਾ ਆਧਾਰ ਮਜ਼ਬੂਤ ਕਰਦੇ ਜਾ ਰਹੇ ਹਨ। ਦੇਸ਼ ਦੇ ਉੱਤਰੀ ਖੇਤਰ ‘ਚ ਉਨ੍ਹਾਂ ਦਾ ਤੇਜ਼ੀ ਨਾਲ ਅਸਰ ਵਧ ਰਿਹਾ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ 421 ਜ਼ਿਲ੍ਹਿਆਂ ਤੋਂ ਤਿਹਾਈ ਜ਼ਿਲ੍ਹਿਆਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ।
ਸੂਬਾਈ ਪ੍ਰੀਸ਼ਦ ਦੇ ਮੈਂਬਰ ਮੋਹਿਬ ਉਲ ਰਹਿਮਾਨ ਨੇ ਕਿਹਾ ਹੈ ਕਿ ਉੱਤਰ ਪੂਰਬ ਦੇ ਬਦਖਸ਼ਾਨ ਦੇ ਕਈ ਜ਼ਿਲ੍ਹਿਆਂ ਨੂੰ ਸੁਰੱਖਿਆ ਬਲਾਂ ਨੇ ਬਗ਼ੈਰ ਜੰਗ ਦੇ ਹੀ ਛੱਡ ਦਿੱਤਾ। ਪਿਛਲੇ ਤਿੰਨ ਦਿਨਾਂ ‘ਚ ਦਸ ਜ਼ਿਲ੍ਹੇ ਇਸੇ ਤਰ੍ਹਾਂ ਤਾਲਿਬਾਨ ਨੇ ਹਾਸਲ ਕੀਤੇ ਹਨ। ਤਾਲਿਬਾਨ ਦੇ ਬੁਲਾਰੇ ਨੇ ਬਗ਼ੈਰ ਲੜਾਈ ਦੇ ਜ਼ਿਲ੍ਹੇ ਹਾਸਲ ਕਰਨ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਦੇ ਅੰਦਰੂਨੀ ਮੰਤਰੀ ਨੇ ਬਿਆਨ ‘ਚ ਕਿਹਾ ਹੈ ਕਿ ਤਾਲਿਬਾਨ ਦਾ ਕਬਜ਼ਾ ਆਰਜ਼ੀ ਹੈ, ਉਨ੍ਹਾਂ ਤੋਂ ਇਹ ਜ਼ਿਲ੍ਹੇ ਹਾਸਲ ਕਰ ਲਏ ਜਾਣਗੇ।