32 ਕਿਸਾਨ ਜਥੇਬੰਦੀਆਂ ਅੱਜ ਪਾਉਣਗੀਆਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨਾਂ ਦਾ ਮਾਰਚ ਅੱਜ ਯਾਨੀ 26 ਜੂਨ ਨੂੰ ਯੂਟੀ ਚੰਡੀਗੜ੍ਹ ‘ਚ ਹੀ ਹੋਵੇਗਾ, ਜੇਕਰ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਤਾਂ ਫਿਰ ਕਿਸਾਨ ਆਗੂ ਮੌਕੇ ‘ਤੇ ਫ਼ੈਸਲਾ ਕਰਨਗੇ ਕਿ ਮਾਰਚ ਕਰਨਾ ਹੈ ਜਾਂ ਫਿਰ ਬ੍ਰਿਗੇਡ ਦੇ ਸਾਹਮਣੇ ਹੀ ਧਰਨਾ ਮਾਰ ਕੇ ਬੈਠਣਾ ਹੈ।

ਬੀਤੇ ਦਿਨੀਂ ਉਨ੍ਹਾਂ ਨੇ ਕਿਹਾ ਸੀ ਕਿ ਕੁਝ ਕਿਸਾਨ ਆਗੂਆਂ ਦੀ ਮੀਟਿੰਗ ਐਸਐਸਪੀ ਚੰਡੀਗੜ੍ਹ ਤੇ ਮੁਹਾਲੀ ਨਾਲ ਹੋ ਚੁੱਕੀ ਹੈ।

ਇਸ ਮੌਕੇ ਕਿਸਾਨ ਆਗੂ ਕੰਵਲਜੀਤ ਸਿੰਘ ਨੇ ਕਿਹਾ ਕਿ ਰੈਨਾ ਵੱਲੋਂ ਅਤੇ ਪੰਜਾਬ ਵੱਲੋਂ ਕਿਸਾਨਾਂ ਦਾ ਪ੍ਰੋਗਰਾਮ ਯੂਟੀ ਚੰਡੀਗੜ੍ਹ ਵਿੱਚ ਹੀ ਆਉਣ ਦਾ ਹੈ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਮਾਰਚ ਵਿੱਚ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਜਾਂ ਵਰਕਰ ਆ ਜਾਣ ਪਰ ਉਹ ਪਿੱਛੇ ਰਹਿ ਕੇ ਹਿਮਾਇਤ ਕਰਨ। ਸਟੇਜ ਤੋਂ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ 32 ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੋਇਆ ਹੈ ਕਿ ਤਿੰਨੋਂ ਖੇਤੀ ਬਿੱਲਾਂ ਦੇ ਮਸਲੇ ਦੇ ਹੱਲ ਵਾਸਤੇ ਅਤੇ ਸਾਰੀਆਂ ਫ਼ਸਲਾਂ ‘ਤੇ ਐੱਮਐੱਸਪੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਕੋਲ ਮੰਗ ਪੱਤਰ ਭੇਜੇ ਜਾਣਗੇ ਅਤੇ ਇਹ ਮੰਗ ਪੱਤਰ ਅੱਜ ਮਾਰਚ ਕਰਕੇ ਰਾਜਪਾਲਾਂ ਦੇ ਹਵਾਲੇ ਕੀਤੇ ਜਾਣਗੇ।

ਪੰਜਾਬ ਦੇ ਕਿਸਾਨਾਂ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠੇ ਹੋਣਾ ਹੈ, ਜਦਕਿ ਹਰਿਆਣਾ ਦੇ ਕਿਸਾਨਾਂ ਨੇ ਪੰਚਕੂਲਾ ਨੇੜ੍ਹੇ ਗੁਰਦੁਆਰਾ ਨਾਢਾ ਸਾਹਿਬ ਇਕੱਠੇ ਹੋਣਾ ਹੈ। ਮਾਰਚ ਸ਼ੁਰੂ ਕਰਨ ਦਾ ਪ੍ਰੋਗਰਾਮ ਦੁਪਹਿਰ ਇੱਕ ਵਜੇ ਰੱਖਿਆ ਗਿਆ ਹੈ।

ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਰਤਦੇ ਹੋਏ ਚੰਡੀਗੜ੍ਹ ‘ਚ ਐਂਟਰੀ ਦੇ ਸਾਰੇ ਰਸਤਿਆਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਰਸਤਿਆਂ ‘ਤੇ ਬੈਰੀਕੇਡ ਲਗਾ ਦਿੱਤੇ ਗਏ ਹਨ।

Share This Article
Leave a Comment