ਕੋਇੰਬਟੂਰ: ਮਾਂਵਾਂ ਆਪਣੇ ਬੱਚਿਆਂ ਦੇ ਸੁੱਖ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਹੁੰਦੀ ਹੈ ਪਰ ਅਜਕਲ ਦੇ ਕੱਲਯੁਗੀ ਪੁੱਤ ਵੀ ਆਪਣੀ ਮਾਂਵਾਂ ਨੂੰ ਦੁੱਖ ਦੇਣ ‘ਚ ਕੋਈ ਵੀ ਕਸਰ ਨਹੀਂ ਛੱਡਦੇ।ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 95 ਸਾਲਾ ਔਰਤ ਨੂੰ ਉਨ੍ਹਾਂ ਦੇ ਬੇਟੇ ਨੇ ਕਥਿਤ ਤੌਰ ‘ਤੇ ਲੱਗਭਗ 15 ਦਿਨਾਂ ਤੱਕ ਟਾਇਲਟ ‘ਚ ਬੰਦ ਰੱਖਿਆ ਅਤੇ ਖਾਣਾ ਤੱਕ ਨਹੀਂ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿੱਚ ਸਥਿਤ ਔਰਤ ਦੇ ਘਰ ਦਾ ਹੈ।
ਪੁਲਿਸ ਨੇ ਦੱਸਿਆ ਕਿ ਜਦੋਂ ਗੁਆਂਢੀਆਂ ਨੇ ਬਜ਼ੁਰਗ ਔਰਤ ਦਾ ਰੋਣਾ ਸੁਣਿਆ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸ਼ਿਕਾਇਤ ਮਿਲਣ ‘ਤੇ ਪੁਲਿਸ ਅਤੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਓਮਾਲੁਰ ਸਥਿਤ ਡਾਲਮੀਆ ਬੋਰਡ ਇਲਾਕੇ ਦੇ ਫਲੈਟ ‘ਚ ਪਹੁੰਚੀ। ਟੀਮ ਨੇ ਔਰਤ ਨੂੰ ਟਾਇਲਟ ‘ਚ ਲੇਟੇ ਹੋਏ ਪਾਇਆ, ਜੋ ਕਿ ਬੇਹੱਦ ਗੰਦੀ ਹਾਲਤ ‘ਚ ਸੀ।
ਬਜ਼ੁਰਗ ਔਰਤ ਨੂੰ ਇੱਕ NGO ਵਿੱਚ ਲਿਆਂਦਾ ਗਿਆ, ਜਿੱਥੇ ਉਸ ਨੂੰ ਖਾਣਾ ਦਿੱਤਾ ਗਿਆ। ਬਜ਼ੁਰਗ ਔਰਤ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ, ਜਿਸ ਦੀ ਪਛਾਣ ਰਾਧਾ ਵਜੋਂ ਹੋਈ ਹੈ, ਕਥਿਤ ਤੌਰ ‘ਤੇ ਸਿਰਫ ਟਾਇਲਟ ਦਾ ਪਾਣੀ ਪੀ ਕੇ ਜ਼ਿੰਦਾ ਰਹੀ।ਬਜ਼ੁਰਗ ਔਰਤ ਦੇ 4 ਬੇਟੇ ਹਨ। ਰਾਧਾ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨਾਲ ਗੁਜ਼ਾਰਾ ਕਰਦੀ ਸੀ, ਜਿਸ ਨੂੰ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਨੇ ਹਥਿਆ ਲਿਆ ਸੀ। ਅਤੇ ਉਸਨੂੰ ਜਬਰਨ ਟਾਇਲਟ ‘ਚ ਬੰਦ ਕਰ ਦਿਤਾ ਸੀ।
ਪਰ ਮਾਂ ਨਾਲ ਇਸ ਤਰ੍ਹਾਂ ਪੁੱਤਰ ਦੇ ਵਿਵਹਾਰ ਕਰਨ ਤੋਂ ਬਾਅਦ ਵੀ ਮਾਂ ਆਪਣੇ ਪੁੱਤਰ ਖਿਲਾਫ ਸ਼ਿਕਾਇਤ ਦਰਜ ਕਰਾਉਣ ਲਈ ਤਿਆਰ ਨਹੀਂ ਹੋਈ।