-ਅਰਜੁਨ ਰਾਮ ਮੇਘਵਾਲ;
ਸੰਪੂਰਨ ਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਜਾਣਿਆ ਹੋਇਆ ਗ੍ਰਹਿ ਹੈ ਜਿੱਥੇ ਵਾਤਾਵਰਣ ਮੌਜੂਦ ਹੈ ਅਤੇ ਜਿਸ ਦੇ ਕਾਰਨ ਜੀਵਨ ਮੌਜੂਦ ਹੈ। 5 ਜੂਨ ਨੂੰ ਹਰ ਸਾਲ ਵਾਤਾਵਰਣ ਰੱਖਿਆ ਦੇ ਪਵਿੱਤਰ ਮੌਕੇ ਨੂੰ ਯਾਦ ਕਰਨ ਦੇ ਉਦੇਸ਼ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਜਦੋਂ ਤੋਂ ਮਾਨਵ ਸੱਭਿਅਤਾ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵਾਤਾਵਰਣ ਰੱਖਿਆ ਇੱਕ ਮਹੱਤਵਪੂਰਨ ਵਿਸ਼ਾ ਰਿਹਾ ਹੈ।
ਭਾਰਤੀ ਦਰਸ਼ਨ ਵਿੱਚ ਕੁਦਰਤ ਦੇ ਨਾਲ ਜੀਣ ਦੀ ਜੀਵਨ ਪੱਧਤੀ ਨੂੰ ਅਪਣਾਇਆ ਗਿਆ ਹੈ, ਇਸ ਲਈ ਭਾਰਤੀ ਦਰਸ਼ਨ ਕੁਦਰਤ ਦੇ ਨਾਲ ਸਬੰਧ ਸਥਾਪਿਤ ਕਰਦਾ ਹੈ। ਅਥਰਵੇਦ ਵੇਦ ਵਿੱਚ ਕਿਹਾ ਗਿਆ ਹੈ ਕਿ “ਮਾਤਾ ਭੂਮੀ: ਪੁੱਤਰੋਹੰ ਪ੍ਰਿਥਿਵਯਾ: ”ਅਰਥਾਤ ਇਹ ਧਰਤੀ, ਇਹ ਭੂਮੀ ਮੇਰੀ ਮਾਤਾ ਹੈ ਅਤੇ ਮੈਂ ਇਸ ਦਾ ਪੁੱਤਰ ਹਾਂ। ਵਾਤਾਵਰਣ ਰੱਖਿਆ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਜਾਵੇ, ਇਸ ਦੇ ਲਈ ਵਾਤਾਵਰਣ ਰੱਖਿਆ ਨੂੰ ਧਰਮ ਨਾਲ ਵੀ ਜੋੜਿਆ ਗਿਆ ਅਤੇ ਅਜਿਹੇ ਐਲਾਨ ਵੀ ਕਿ ‘ਕਹਿੰਦੇ ਹਨ ਸਾਰੇ ਵੇਦ ਪੁਰਾਣ, ਇੱਕ ਪੇੜ ਬਰਾਬਰ ਸੌ ਸੰਤਾਨ”। ਮਾਨਵ ਸੱਭਿਅਤਾ ਦੇ ਵਿਕਾਸ ਕ੍ਰਮ ਵਿੱਚ ਜਦੋਂ ਇਹ ਪਤਾ ਚਲਿਆ ਕਿ ਦਰਖਤਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਅਤੇ ਜੋ ਕਾਰਬਨ ਡਾਈਆਕਸਾਈਡ ਮਨੁੱਖ ਛੱਡਦਾ ਹੈ, ਉਸ ਨੂੰ ਦਰਖਤ ਗ੍ਰਹਿਣ ਕਰਦੇ ਹਨ, ਤਾਂ ਦਰਖਤ ਅਤੇ ਮਨੁੱਖ ਦੇ ਵਿਚਕਾਰ ਇੱਕ ਤਾਲਮੇਲ ਸਥਾਪਿਤ ਹੋ ਗਿਆ।
ਭਾਰਤੀ ਸੱਭਿਅਤਾ ਵਿੱਚ ਕੁਦਰਤ ਅਤੇ ਵਾਤਾਵਰਣ ਨੂੰ ਪੂਜਣ ਦੀ ਰਵਾਇਤ ਬਹੁਤ ਪੁਰਾਣੀ ਹੈ, ਜਿਸ ਦਾ ਉਦਾਹਰਣ ਅਸੀਂ ਸਿੰਧੂ ਘਾਟੀ ਸੱਭਿਅਤਾ ਵਿੱਚ ਮਿਲੇ ਕੁਦਰਤ ਦੀ ਪੂਜਾ ਦੇ ਸਬੂਤਾਂ, ਵੈਦਿਕ ਸੱਭਿਆਚਾਰ ਦੇ ਸਬੂਤਾਂ ਵਿੱਚ ਦੇਖ ਸਕਦੇ ਹਾਂ। ਭਾਰਤੀ ਜਨ ਜੀਵਨ ਵਿੱਚ ਬਿਰਖਾਂ ਦੀ ਪੂਜਾ ਦੀ ਰਵਾਇਤ ਵੀ ਰਹੀ ਹੈ। ਪਿੱਪਲ ਦੇ ਰੁੱਖ ਦੀ ਪੂਜਾ ਅਤੇ ਉਸ ਦੇ ਹੇਠਾਂ ਬੈਠ ਕੇ ਗਿਆਨ ਪ੍ਰਾਪਤ ਕਰਨਾ ਅਤੇ ਸਮਾਜਿਕ ਜੀਵਨ ਦੀ ਚਰਚਾ ਕਰਨਾ ਰਵਾਇਤ ਦਾ ਹਿੱਸਾ ਰਿਹਾ ਹੈ। ਭਾਰਤੀ ਸੱਭਿਆਚਾਰ ਵਿੱਚ ਖ਼ਾਸ ਤੌਰ ’ਤੇ ਉੱਤਰੀ ਭਾਰਤ ਵਿੱਚ ਇੱਕ ਪੂਨਮ ਨੂੰ ਪਿੱਪਲ ਪੂਨਮ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਵਿਸਾਖ ਪੂਰਣਿਮਾ ਨੂੰ ਬੁੱਧ ਪੂਰਣਿਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਾਲਾਂਤਰ ਕੁਝ ਅਜਿਹਾ ਕਾਲਖੰਡ ਵੀ ਆਇਆ ਜਿਸ ਵਿੱਚ ਭਾਰਤ ਗ਼ੁਲਾਮ ਹੋਇਆ। ਮਨੁੱਖ ਦੀਆਂ ਸ੍ਰੇਸ਼ਠ ਚੀਜ਼ਾਂ ਦਾ ਵੀ ਪਤਨ ਹੋਇਆ। ਭੌਤਿਕ ਸੁਖ-ਸੁਵਿਧਾਵਾਂ ਦੇ ਆਕਰਸ਼ਣ ਵਿੱਚ ਕੁਦਰਤ ਦਾ ਦੋਹਨ ਸ਼ੁਰੂ ਹੋਇਆ ਅਤੇ ਮਨੁੱਖ ਨੇ ਪੇੜ-ਪੌਦਿਆਂ ਨੂੰ ਕੱਟਣਾ ਸ਼ੁਰੂ ਕੀਤਾ। ਭੌਤਿਕ ਸੁਖ ਦੀ ਲਾਲਸਾ ਨੇ ਪੂਰੇ ਵਿਸ਼ਵ ਵਿੱਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ। ਵਿਕਾਸ ਦੀ ਅੰਨ੍ਹੀ ਦੌੜ ਵਿੱਚ ਜੰਗਲ ਘੱਟ ਹੁੰਦੇ ਗਏ, ਕਾਰਬਨ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਧਦੀ ਗਈ। ਧਰਤੀ ਦੇ ਆਮ ਤਾਪਮਾਨ ਵਿੱਚ ਵਾਧਾ ਹੋਣ ਲਗਿਆ। ਪੂਰੇ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਦੀ ਸਮੱਸਿਆ ਮਹਿਸੂਸ ਕੀਤੀ ਜਾਣ ਲਗੀ। ਜਿਸ ਦੇ ਸ਼ੁਰੂਆਤੀ ਬੁਰੇ ਪ੍ਰਭਾਵਾਂ ਨੂੰ ਦੁਨੀਆ ਦੇ ਦੇਸ਼ਾਂ ਨੇ ਮੌਸਮ ਪਰਿਵਰਤਨ, ਕਿਤੇ ਹੜ੍ਹ, ਕਿਤੇ ਸੋਕਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰੀ ਪਾਣੀ ਦੇ ਪੱਧਰ ਦਾ ਵਧਣਾ ਅਤੇ ਜੈਵ ਵਿਵਿਧਤਾ ਵਿੱਚ ਕਮੀ ਆਦਿ ਰੂਪਾਂ ਵਿੱਚ ਮਹਿਸੂਸ ਕੀਤਾ।
ਅਜਿਹੇ ਸਮੇਂ ਵਿੱਚ ਮਾਨਵ ਸੱਭਿਅਤਾ ਦੀ ਰੱਖਿਆ ਦੇ ਲਈ ਪਹਿਲਾਂ ਵਾਤਾਵਰਣ ਰੱਖਿਆ ’ਤੇ ਗੰਭੀਰਤਾ ਨਾਲ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਸਾਨੂੰ ਆਪਣੀਆਂ ਪ੍ਰਾਚੀਨ ਵਾਤਾਵਰਣ ਰੱਖਿਆ ਦੀਆਂ ਰਵਾਇਤਾਂ ਉੱਪਰ ਮੁੜ ਵਿਚਾਰ ਕਰਨਾ ਹੋਵੇਗਾ। ਕਾਰਬਨ ਨਿਕਾਸੀ ਨੂੰ ਘੱਟ ਕਰਨਾ ਹੋਵੇਗਾ, ਵਿਆਪਕ ਰੁੱਖ ਲਗਾਉਣ ਦੇ ਯਤਨ ਕਰਨੇ ਹੋਣਗੇ। ਵਾਤਾਵਰਣ ਰੱਖਿਆ ਨੂੰ ਆਪਣੀਆਂ ਨੀਤੀਆਂ ਦਾ ਪ੍ਰਮੁੱਖ ਹਿੱਸਾ ਬਣਾਉਣਾ ਹੋਵੇਗਾ। ਭਾਰਤ ਸਰਕਾਰ ਦੀਆਂ ਵਰਤਮਾਨ ਨੀਤੀਆਂ ਵਾਤਾਵਰਣ ਰੱਖਿਆ ਦੇ ਲਈ ਪ੍ਰਤੀਬੱਧ ਹਨ। ਭਾਰਤ ਸ਼ੁਰੂ ਤੋਂ ਹੀ ਵਾਤਾਵਰਣ ਰੱਖਿਆ ਦੇ ਆਲਮੀ ਉਪਾਵਾਂ, ਸੰਮੇਲਨਾਂ ਅਤੇ ਸਮਝੌਤਿਆਂ ਦਾ ਹਿੱਸਾ ਰਿਹਾ ਹੈ। ਸਟਾਕਹੋਮ ਸੰਮੇਲਨ ਤੋਂ ਲੈ ਕੇ ਪੈਰਿਸ ਸਮਝੌਤੇ ਤੱਕ ਭਾਰਤ ਸ਼ੁਰੂ ਤੋਂ ਹੀ ਇਨ੍ਹਾਂ ਸਭ ਦੇ ਨਾਲ ਖੜ੍ਹਾ ਰਿਹਾ ਹੈ। 2015 ਵਿੱਚ ਪੈਰਿਸ ਸਮਝੌਤੇ ਵਿੱਚ ਦੁਨੀਆ ਦੇ 196 ਦੇਸ਼ਾਂ ਨੇ ਟੀਚਾ ਨਿਰਧਾਰਿਤ ਕੀਤਾ ਕਿ ਆਲਮੀ ਔਸਤ ਤਾਪਮਾਨ ਨੂੰ ਇਸ ਸਦੀ ਦੇ ਅੰਤ ਤੱਕ ਉਦਯੋਗੀਕਰਨ ਤੋਂ ਪਹਿਲਾਂ ਦੇ ਸਮੇਂ ਦੇ ਤਾਪਮਾਨ ਦੇ ਪੱਧਰ ਤੋਂ 2 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਨਹੀਂ ਹੋਣ ਦੇਣਾ ਹੈ। ਇਹ ਟੀਚਾ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਦੀ ਮਾਤਰਾ ਨੂੰ ਸੀਮਤ ਕਰਨ ’ਤੇ ਅਧਾਰਿਤ ਹੈ। ਭਾਰਤ ਇਸ ਸਮਝੌਤੇ ਦਾ ਮਹੱਤਵਪੂਰਨ ਅੰਗ ਹੈ। ਇਸੇ ਦੇ ਅਨੁਸਾਰ ਭਾਰਤ ਨੇ ਵੀ ਆਪਣੇ ਟੀਚੇ ਨਿਰਧਾਰਿਤ ਕੀਤੇ ਹਨ। ਭਾਰਤ ਨੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ ਦੇ ਤਹਿਤ ਸਾਲ 2030 ਤੱਕ ਆਪਣੀ ਉਤਸਰਜਨ ਤੀਬਰਤਾ ਨੂੰ 2005 ਦੇ ਮੁਕਾਬਲੇ 33-35 ਫ਼ੀਸਦੀ ਤੱਕ ਘੱਟ ਕਰਨ ਦਾ ਟੀਚਾ ਰੱਖਿਆ ਹੈ। ਭਾਰਤ ਨੇ ਜੰਗਲ ਅਤੇ ਵਣ ਖੇਤਰ ਵਿੱਚ ਵਾਧੇ ਦੇ ਮਾਧਿਅਮ ਨਾਲ 2030 ਤੱਕ 2.5 ਤੋਂ 3 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਕਾਰਬਨ ਸਿੰਕ ਬਣਾਉਣ ਦਾ ਵੀ ਵਾਅਦਾ ਕੀਤਾ ਹੈ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ ਵੀ ਮੁੱਖ ਰੂਪ ਵਿੱਚ ਵਾਤਾਵਰਣ ਰੱਖਿਆ ਨਾਲ ਜੁੜਿਆ ਹੋਇਆ ਹੀ ਇੱਕ ਆਯਾਮ ਹੈ। ਸਾਡੇ ਪ੍ਰਧਾਨ ਮੰਤਰੀ ਜਦੋਂ ਲਾਲ ਕਿਲੇ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਵਿਰੁੱਧ ਮੁਹਿੰਮ ਦਾ ਐਲਾਨ ਕਰਦੇ ਹਨ ਤਾਂ ਉਹ ਵਾਤਾਵਰਣ ਰੱਖਿਆ ਦੇ ਮਹੱਤਵਪੂਰਨ ਪਹਿਲੂ ਦੀ ਹੀ ਸ਼ਨਾਖ਼ਤ ਕਰਦੇ ਹਨ।
ਵਾਤਾਵਰਣ ਰੱਖਿਆ ਦੇ ਇਹ ਯਤਨ ਸਰਕਾਰ ਅਤੇ ਜਨ ਭਾਗੀਦਾਰੀ ਨਾਲ ਹੀ ਪੂਰੇ ਹੋਣਗੇ। ਭਾਰਤ ਦਾ ਸੰਵਿਧਾਨ ਧਾਰਾ 21 ਦੇ ਤਹਿਤ ਜ਼ਿੰਦਗੀ ਜੀਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਭਾਰਤ ਦੀ ਸੁਪਰੀਮ ਕੋਰਟ ਦੁਆਰਾ ਆਪਣੇ ਫ਼ੈਸਲਿਆਂ ਵਿੱਚ ਜੀਵਨ ਜੀਣ ਦੀ ਆਜ਼ਾਦੀ ਦੇ ਤਹਿਤ ਗਰਿਮਾਮਈ ਜੀਵਨ ਨੂੰ ਜੀਣ ਦੀ ਗੱਲ ਕਹਿੰਦੇ ਹੋਏ ਸਵੱਛ ਵਾਤਾਵਰਣ ਪ੍ਰਾਪਤ ਕਰਨ ਨੂੰ ਵੀ ਮੂਲ ਅਧਿਕਾਰ ਦੇ ਰੂਪ ਵਿੱਚ ਰੱਖਿਆ ਗਿਆ ਹੈ। ਭਾਰਤੀ ਸੰਵਿਧਾਨ ਦੇ ਭਾਗ – 4 ਵਿੱਚ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਤਹਿਤ ਵੀ ਧਾਰਾ 48 (ਕੇ) ਦੇ ਅਨੁਸਾਰ ਇਹ ਉਮੀਦ ਕੀਤੀ ਗਈ ਹੈ ਕਿ ਰਾਜ ਵਾਤਾਵਰਣ ਦੀ ਰੱਖਿਆ ਅਤੇ ਵਾਧਾ ਕਰਨ ਅਤੇ ਜੰਗਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਨ। ਜਿੱਥੇ ਭਾਰਤੀ ਸੰਵਿਧਾਨ ਅਧਿਕਾਰਾਂ ਦੀ ਗੱਲ ਕਰਦਾ ਹੈ ਅਤੇ ਰਾਜ ਤੋਂ ਵਾਤਾਵਰਣ ਰੱਖਿਆ ਦੀ ਉਮੀਦ ਕਰਦਾ ਹੈ, ਤਾਂ ਉਹੀ ਸੰਵਿਧਾਨ ਦੁਆਰਾ ਨਾਗਰਿਕਾਂ ਦੇ ਕਰਤੱਵ ਵੀ ਸਪਸ਼ਟ ਕੀਤੇ ਗਏ ਹਨ। ਨਾਗਰਿਕਾਂ ਦੇ ਲਈ ਮੌਲਿਕ ਅਧਿਕਾਰਾਂ ਦੇ ਤਹਿਤ ਧਾਰਾ 51 (ਕੇ) (7) ਵਿੱਚ ਕਿਹਾ ਗਿਆ ਹੈ ਕਿ ਕੁਦਰਤੀ ਵਾਤਾਵਰਣ ਜਿਸ ਦੇ ਅੰਦਰ ਵਣ, ਝੀਲਾਂ, ਨਦੀਆਂ ਅਤੇ ਜੰਗਲੀ ਜੀਵ ਆਉਂਦੇ ਹਨ, ਲੋਕ ਉਨ੍ਹਾਂ ਦੀ ਰੱਖਿਆ ਕਰਨ ਅਤੇ ਵਾਧਾ ਕਰਨ ਅਤੇ ਪ੍ਰਾਣੀਆਂ ਦੇ ਲਈ ਦਇਆ ਭਾਵਨਾ ਰੱਖਣ। ਇਸ ਤਰ੍ਹਾਂ ਸਪਸ਼ਟ ਹੈ ਕਿ ਅਸੀਂ ਸਰਕਾਰ ਅਤੇ ਜਨ ਭਾਗੀਦਾਰੀ ਦੇ ਸਹਿਯੋਗੀ ਯਤਨਾਂ ਨਾਲ ਵਾਤਾਵਰਣ ਰੱਖਿਆ ਦੇ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ।
ਜਦੋਂ ਅਸੀਂ ਵਾਤਾਵਰਣ ਰੱਖਿਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਮੱਧਕਾਲ ਵਿੱਚ ਭਗਤੀ ਯੁਗ ਦੇ ਕੁਝ ਸੰਤਾਂ ਦੀ ਯਾਦ ਵੀ ਆਉਂਦੀ ਹੈ, ਜਿਨ੍ਹਾਂ ਨੇ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਦੀ ਗੱਲ ਕਹੀ ਅਤੇ ਪੇੜ-ਪੌਦਿਆਂ ਦੇ ਮਹੱਤਵ ਨੂੰ ਸਮਝਾਇਆ ਅਤੇ ਉਨ੍ਹਾਂ ਤੋਂ ਸਿੱਖਿਆ ਗ੍ਰਹਿਣ ਕਰਨ ਦੇ ਲਈ ਵੀ ਉਪਦੇਸ਼ ਦਿੱਤੇ। ਸੂਰਦਾਸ ਕਹਿੰਦੇ ਹਨ ਕਿ
ਮਨ ਰੇ ਬ੍ਰਿਕਸ਼ ਸੇ ਮਤਿ ਲੇ, ਮਨ ਤੂ ਵਰਿਕਸ਼ਨ ਸੇ ਮਤਿ ਲੇ।
ਕਾਟੋ ਵਾਕੋ ਕ੍ਰੋਧ ਨ ਕਰਹੀਂ, ਸਿੰਚਤ ਨ ਕਰਹੀਂ ਨੇਹ।
ਧੂਪ ਸਹਤ ਅਪਨੇ ਸਿਰ ਊਪਰ, ਔਰ ਕੋ ਛਾਂਹ ਕਰੇਤ।।
ਜੋ ਵਾਹੀ ਕੋ ਪਥਰ ਚਲਾਵੇ, ਤਾਹੀ ਕੋ ਫਲ ਦੇਤ।
ਮੈਂ ਇਸ ਮੌਕੇ ’ਤੇ ਗੁਰੂ ਜੰਬੇਸ਼ਵਰ ਜੀ, ਸੰਤ ਜਸਨਾਥ ਜੀ, ਸ਼੍ਰੀ ਸੁੰਦਰਲਾਲ ਬਹੁਗੁਣਾ ਜੀ ਅਤੇ ਸ਼੍ਰੀਮਤੀ ਅੰਮ੍ਰਿਤਾ ਦੇਵੀ ਬਿਸ਼ਨੋਈ ਨੂੰ ਵੀ ਖ਼ਾਸ ਯਾਦ ਕਰਨਾ ਚਾਹਾਂਗਾ। ਗੁਰੂ ਜੰਬੇਸ਼ਵਰ ਜੀ ਬਿਸ਼ਨੋਈ ਸਮਾਜ ਦੇ ਯੋਗੀ ਹਨ ਅਤੇ ਉਨ੍ਹਾਂ ਨੇ ਕੁਦਰਤ ਦੀ ਰੱਖਿਆ ਅਤੇ ਪ੍ਰਾਣੀਆਂ ਦੇ ਪ੍ਰਤੀ ਦਇਆ ਭਾਵਨਾ ਦਾ ਸੰਦੇਸ਼ ਦਿੱਤਾ। ਸੰਤ ਜਸਨਾਥ ਜੀ ਨੇ ਰੁੱਖਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਰੁੱਖ ਲਗਾਉਣ ਨੂੰ ਹੁਲਾਰਾ ਦਿੱਤਾ। ਸ਼੍ਰੀ ਸੁੰਦਰਲਾਲ ਬਹੁਗੁਣਾ ਜੀ ਦੇ ਚਿਪਕੋ ਅੰਦੋਲਨ ਤੋਂ ਸਾਨੂੰ ਅਸੀਂ ਸਾਰੇ ਜਾਣੂ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਰੁੱਖਾਂ ਦੀ ਰੱਖਿਆ ਕੀਤੀ। ਸ਼੍ਰੀਮਤੀ ਅੰਮ੍ਰਿਤਾ ਦੇਵੀ ਜੀ ਦੇ ਸਰਬਉੱਤਮ ਬਲੀਦਾਨ ਨੂੰ ਕੌਣ ਭੁੱਲ ਸਕਦਾ ਹੈ ਜਿਨ੍ਹਾਂ ਦੀ ਅਗਵਾਈ ਵਿੱਚ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਦੇ ਲਈ 363 ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਅੱਜ ਦੇ ਇਸ ਵਿਸ਼ਵ ਵਾਤਾਵਰਣ ਦਿਵਸ ’ਤੇ ਮੈਂ ਇਨ੍ਹਾਂ ਸਾਰੀਆਂ ਮਹਾਨ ਆਤਮਾਵਾਂ ਨੂੰ ਨਮਨ ਕਰਦਾ ਹਾਂ।
ਕੁਦਰਤ ਦੇ ਸਾਰੇ ਜੀਵਾਂ ਵਿੱਚੋਂ ਮਨੁੱਖ ਜੀਵਨ ਸ੍ਰੇਸ਼ਠ ਹੈ। ਵਿਵੇਕਸ਼ੀਲ ਹੋਣ ਦੇ ਕਾਰਨ ਮਨੁੱਖੀ ਜੀਵਨ ਨੂੰ ਇਹ ਸ੍ਰੇਸ਼ਠਤਾ ਹਾਸਲ ਹੈ। ਕੀ ਅਸੀਂ ਸ੍ਰੇਸ਼ਠਤਾ ਦੀ ਸ਼੍ਰੇਣੀ ਵਿੱਚ ਨਹੀਂ ਰਹਿਣਾ ਚਾਹੁੰਦੇ ਹਾਂ? ਆਪਣੇ ਅਨੁਭਵਾਂ ਦਾ ਵਿਸ਼ਲੇਸ਼ਣ ਕਰਨਾ ਸਾਨੂੰ ਸ੍ਰੇਸ਼ਠ ਬਣਾਉਂਦਾ ਹੈ। ਚਿੰਤਨ, ਮਨਨ ਅਤੇ ਮੰਥਨ ਦੀ ਪ੍ਰਕਿਰਿਆ ਸਾਨੂੰ ਸ੍ਰੇਸ਼ਠ ਬਣਾਉਂਦੀ ਹੈ। ਆਓ ਅਸੀਂ ਖੁਦ ਸਵੈ-ਪ੍ਰੇਰਣਾ ਨਾਲ ਕੁਦਰਤ ਨੂੰ ਬਚਾਉਣ ਦਾ ਯਤਨ ਕਰੀਏ ਅਤੇ ਅਸੀਂ ਸਾਰੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਇਹ ਸਹੁੰ ਚੁੱਕੀਏ ਕਿ ਅਸੀਂ ਸਾਰੇ ਕੁਦਰਤ ਅਤੇ ਵਾਤਾਵਰਣ ਦੀ ਸੰਭਾਲ਼ ਦੇ ਪ੍ਰਤੀ ਆਪਣੇ ਕਰਤੱਵਾਂ ਦਾ ਪਾਲਨ ਕਰਾਂਗੇ। ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਵਾਂਗੇ ਅਤੇ ਰੁੱਖ ਨਹੀਂ ਕੱਟਣ ਦੇਵਾਂਗੇ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ ਅਤੇ ਵਾਤਾਵਰਣ ਰੱਖਿਆ ਨਾਲ ਜੁੜੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਆਪਣਾ ਯੋਗਦਾਨ ਦੇਵਾਂਗੇ।
(ਲੇਖਕ ਕੇਂਦਰੀ ਸੰਸਦੀ ਮਾਮਲੇ ਅਤੇ ਭਾਰੀ ਉਦਯੋਗ ਤੇ ਲੋਕ ਉੱਦਮ ਰਾਜ ਮੰਤਰੀ ਅਤੇ ਬੀਕਾਨੇਰ ਤੋਂ ਲੋਕ ਸਭਾ ਸਾਂਸਦ ਹਨ)