ਜਗਤਾਰ ਸਿੰਘ ਸਿੱਧੂ
ਸੰਯੁਕਤ ਕਿਸਾਨ ਮੋਰਚੇ ਦੀਆਂ ਚਾਲੀ ਦੇ ਕਰੀਬ ਜੱਥੇਬੰਦੀਆਂ ਨੇ ਮੋਗਾ ਵਿਖੇ ਕਿਸਾਨ ਮਹਾਪੰਚਾਇਤ ਕਰਕੇ ਜਿੱਥੇ ਕਿਸਾਨਾਂ ਦੀ ਭਰਵੀਂ ਹਮਾਇਤ ਦਾ ਸੁਨੇਹਾ ਦਿੱਤਾ ਹੈ ਉਥੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਾਂਝੇ ਅੰਦੋਲਨ ਦਾ ਬਿਗਲ ਵਜਾ ਦਿੱਤਾ । ਮਹਾਪੰਚਾਇਤ ਦੇ ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਕ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਨਾਲ ਏਕੇ ਦੀ ਪਹਿਲ ਕਦਮੀ ਕਰਦਿਆਂ ਗੱਲਬਾਤ ਲਈ ਛੇ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਹੜੀ ਕਿ ਭਲਕੇ ਸ਼ੁੱਕਰਵਾਰ ਨੂੰ ਖਨੌਰੀ ਬਾਰਡਰ ਉਤੇ ਜਾਕੇ ਏਕੇ ਨੂੰ ਨੇਪਰੇ ਚਾੜਨ ਲਈ ਮੀਟਿੰਗ ਕਰੇਗੀ । ਕਿਸਾਨ ਮਹਾਪੰਚਾਇਤ ਨੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਮਤਾ ਪਾਸ ਕੀਤਾ । ਬੁਲਾਰਿਆਂ ਨੇ ਇਹ ਵੀ ਕਿਹਾ ਹੈ ਕਿ ਛੱਬੀ ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਕ ਵਲੋਂ ਟਰੈਕਟਰ ਮਾਰਚ ਦੇ ਕੀਤੇ ਐਲਾਨ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀਆਂ ਚਾਲੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਟਰੈਕਟਰ ਮਾਰਚ ਕੱਢਿਆ ਜਾਵੇਗਾ । ਇਹ ਦਿਨ ਦਿੱਲੀ ਦੇ ਕਿਸਾਨ ਮੋਰਚੇ ਨੂੰ ਵੀ ਸਮਰਪਿਤ ਹੋਵੇਗਾ ਅਤੇ ਜਥੇਬੰਦੀਆਂ ਦੇ ਏਕੇ ਦਾ ਵੀ ਸੁਨੇਹਾ ਦੇਵੇਗਾ ।
ਮੋਗਾ ਦੀ ਕਿਸਾਨ ਮਹਾਪੰਚਾਇਤ ਨੇ ਏਕੇ ਦਾ ਸੁਨੇਹਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ । ਇਸ ਦਾ ਅੰਦਾਜ਼ਾ ਇੱਥੋਂ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸਟੇਜ ਤੋਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਚੱਲ ਰਹੇ ਅੰਦੋਲਨ ਅਤੇ ਆਗੂਆਂ ਬਾਰੇ ਕਿਸੇ ਤਰ੍ਹਾਂ ਦੀ ਨਾਂਹ ਪੱਖੀ ਗੱਲ ਨਹੀਂ ਕੀਤੀ ਜਾਵੇਗੀ । ਇਸ ਨਾਲ ਏਕੇ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਰੋਕਿਆ ਜਾਵੇਗਾ । ਅਸਲ ਵਿੱਚ ਜੇਕਰ ਦੇਖਿਆ ਜਾਵੇ ਤਾਂ ਦਿੱਲੀ ਮੋਰਚੇ ਤੋਂ ਬਾਅਦ ਇਹ ਪਹਿਲਾ ਮੌਕਾ ਆਇਆ ਹੈ ਜਦੋਂ ਕਿ ਕਿਸਾਨ ਜਥੇਬੰਦੀਆਂ ਖੁੱਲਕੇ ਏਕੇ ਦੇ ਹੱਕ ਵਿੱਚ ਨਿੱਤਰੀਆਂ ਹਨ। ਇਸ ਫੈਸਲੇ ਬਾਰੇ ਸਾਰੇ ਕੱਦਾਵਰ ਕਿਸਾਨ ਆਗੂਆਂ ਨੇ ਖੁੱਲ ਕੇ ਹਮਾਇਤ ਕੀਤੀ ਹੈ । ਸ਼ਾਇਦ ਭਵਿੱਖ ਵਿੱਚ ਇਹ ਏਕੇ ਦੀ ਪਹੁੰਚ ਜਿਥੇ ਕਿਸਾਨ ਅੰਦੋਲਨ ਨੂੰ ਬੁਲੱਦੀ ਤੇ ਲੈ ਜਾਵੇਗੀ ਉਥੇ ਕੇਂਦਰ ਸਰਕਾਰ ਨੂੰ ਵੀ ਇਕ ਦਿਨ ਜਿੱਦ ਛੱਡਣ ਲਈ ਮਜਬੂਰ ਕਰੇਗੀ ।
ਕਿਸਾਨ ਮਹਾਪੰਚਾਇਤ ਨੇ ਕੇਂਦਰ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੰਡੀਕਰਨ ਢਾਂਚੇ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਪੰਜਾਬ ਬਰਦਾਸ਼ਤ ਨਹੀਂ ਕਰੇਗਾ । ਬੁਲਾਰਿਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਸੋਧਾਂ ਵਾਲੇ ਖੇਤੀ ਕਾਨੂੰਨਾਂ ਨੇ ਕਿਸਾਨ ਰੱਦ ਕਰਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ ।
ਇਸੇ ਦੌਰਾਨ ਖਨੌਰੀ ਬਾਰਡਰ ਉਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਹੱਦ ਚਿੰਤਾ ਦਾ ਕਾਰਨ ਬਣੀ ਹੋਈ ਹੈ । ਮਹਾਂ ਪੰਚਾਇਤ ਦੇ ਆਗੂਆਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਹਮਾਇਤ ਵਿੱਚ ਕਿਸਾਨ ਮੰਗਾਂ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਉਨਾਂ ਨੇ ਰਾਸ਼ਟਰਪਤੀ ਨੂੰ ਵੀ ਮੀਟਿੰਗ ਲਈ ਪੱਤਰ ਲਿਖਿਆ ਸੀ ਪਰ ਰਾਸ਼ਟਰਪਤੀ ਨੇ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਹੈ ।
ਭਲਕੇ ਦਸ ਜਨਵਰੀ ਨੂੰ ਕਿਸਾਨ ਕੇਂਦਰ ਸਰਕਾਰ ਦੇ ਰੋਸ ਪ੍ਰਗਟਾਵੇ ਲਈ ਪੁਤਲੇ ਵੀ ਸਾੜ ਰਹੇ ਹਨ।
ਸੰਪਰਕ 9814002186