ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਜ਼ ਲਈ ਅਡਵਾਈਜ਼ਰੀ ਪੈਨਲ ਵੱਲੋਂ ਲਾਜ਼ਮੀ ਕੁਆਰਨਟੀਨ ਹੋਟਲ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਕੀਤੀ ਗਈ ਸਿਫਾਰਿਸ਼ ਮੰਨਣ ਦੀ ਥਾਂ ਫੈਡਰਲ ਸਰਕਾਰ ਉਨ੍ਹਾਂ ਲੋਕਾਂ ਉੱਤੇ ਵੱਧ ਜੁਰਮਾਨੇ ਲਾਉਣ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ।
ਸਰਕਾਰ ਦਾ ਕਹਿਣਾ ਹੈ ਕਿ ਕੁਆਰਨਟੀਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਲਈ ਪੁਲਿਸ ਵੱਲੋਂ ਜੁਰਮਾਨਾ 5000 ਡਾਲਰ ਕਰ ਦਿੱਤਾ ਜਾਵੇਗਾ। ਇਸ ਸਮੇਂ ਇਹ ਜੁਰਮਾਨਾ 3000 ਡਾਲਰ ਹੈ। ਕੁੱਝ ਟਰੈਵਲਰਜ਼ ਨੇ ਕੁਆਰਨਟੀਨ ਪ੍ਰਕਿਰਿਆ ਵਿੱਚ ਪੈਣ ਦੀ ਥਾਂ 3000 ਡਾਲਰ ਦੇਣ ਨੂੰ ਤਰਜੀਹ ਦਿੱਤੀ।ਕੁਆਰਨਟੀਨ ਪ੍ਰਕਿਰਿਆ ਤਹਿਤ ਏਅਰਪੋਰਟ ਉੱਤੇ ਕੋਵਿਡ-19 ਟੈਸਟ ਕਰਵਾਉਣਾ ਤੇ ਫਿਰ 72 ਘੰਟਿਆਂ ਲਈ ਹੋਟਲ ਵਿੱਚ ਰਹਿ ਕੇ ਨਤੀਜੇ ਦੀ ਉਡੀਕ ਕਰਨ ਦੇ ਨਾਲ-ਨਾਲ ਹੋਟਲ ਵਿੱਚ ਠਹਿਰਣ ਲਈ ਆਪਣੀ ਤਰਫ਼ ਤੋਂ 2000 ਡਾਲਰ ਦੇਣਾ ਸ਼ਾਮਲ ਹੈ।
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਹੋਟਲ ਵਿੱਚ ਕੁਆਰਨਟੀਨ ਕਰਨ ਤੋਂ ਇਨਕਾਰ ਕਰਨ ਵਾਲਿਆਂ ਉੱਤੇ 22 ਫਰਵਰੀ ਤੋਂ 7 ਮਈ ਤੱਕ 798 ਜੁਰਮਾਨੇ ਲਾਏ ਗਏ।ਇਨ੍ਹਾਂ ਵਿੱਚੋਂ ਓਨਟਾਰੀਓ ਵਿੱਚ 606 ਜੁਰਮਾਨੇ ਤੇ ਬ੍ਰਿਟਿਸ਼ ਕੋਲੰਬੀਆ ਵਿੱਚ 192 ਜੁਰਮਾਨੇ ਲਾਏ ਗਏ। ਕਿਊਬਿਕ ਜਾਂ ਅਲਬਰਟਾ ਵਿੱਚ ਜਾਰੀ ਕੀਤੇ ਗਏ ਜੁਰਮਾਨਿਆਂ ਦਾ ਅਜੇ ਕੋਈ ਰਿਕਾਰਡ ਨਹੀਂ ਹੈ।ਇਨ੍ਹਾਂ ਦੋਵਾਂ ਪ੍ਰੋਵਿੰਸਾਂ ਵਿੱਚ ਅਜੇ ਵੀ ਕੌਮਾਂਤਰੀ ਉਡਾਨਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਹੈ।