ਨਵੀਂ ਦਿੱਲੀ : ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ਮਾਮਲੇ ‘ਚ ਦਿੱਲੀ ਪੁਲਿਸ ਦੀ ਜਾਂਚ ਦੌਰਾਨ ਸਬੂਤ ਸਾਹਮਣੇ ਆ ਰਹੇ ਹਨ। ਸੁਸ਼ੀਲ ਕੁਮਾਰ ਦੀ ਅਤੇ ਉਸਦੇ ਦੋਸਤਾਂ ਦੀ ਇਕ ਵੀਡੀਓ ਦੀ ਸਕ੍ਰੀਨਗ੍ਰਾਬ ਸਾਹਮਣੇ ਆਈ ਹੈ ਜਿਸ ‘ਚ ਪਹਿਲਵਾਨ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸੁਸ਼ੀਲ ਕੁਮਾਰ ਦੇ ਕਰੀਬੀ ਪ੍ਰਿੰਸ ਨੇ ਬਣਾਈ ਸੀ। ਉਨ੍ਹਾਂ ਦਾ ਦਾ ਮਕਸਦ ਲੋਕਾਂ ‘ਚ ਦਹਿਸ਼ਤ ਕਾਇਮ ਕਰਨਾ ਸੀ। ਵੀਡੀਓ ਤੇ ਤਸਵੀਰ ‘ਚ 23 ਸਾਲਾ ਸਾਗਰ ਰਤਨ ਖ਼ੂਨ ਨਾਲ ਲਹੂਲੁਹਾਣ ਜ਼ਮੀਨ ‘ਤੇ ਡਿੱਗਿਆ ਦਿਖਾਈ ਦੇ ਰਿਹਾ ਹੈ। ਜਦੋਂਕਿ ਸੁਸ਼ੀਲ ਕੁਮਾਰ ਅਤੇ ਤਿੰਨ ਹੋਰ ਲੋਕਾਂ ਨੇ ਉਸ ਨੂੰ ਘੇਰਿਆ ਹੈ।
ਪੁਲਿਸ ਨੇ ਕਿਹਾ ਹੈ ਕਿ ਪਹਿਲਵਾਨ ਨਾਲ ਸੁਸ਼ੀਲ ਕੁਮਾਰ ਅਤੇ ਉਸਦੇ ਦੋਸਤਾਂ ਦੀ ਕੁੱਟਮਾਰ ਦੀ ਵੀਡੀਓ ਨੂੰ ਸਥਾਨਕ ਕੁਸ਼ਤੀ ਸਰਕਟ ਵਿਚ ਹਿੱਸਾ ਲੈਣ ਅਤੇ ਆਪਣਾ ਦਬਦਬਾ ਸਾਬਤ ਕਰਨ ਲਈ ਬਣਾਇਆ ਗਿਆ ਸੀ। ਸੁਸ਼ੀਲ ਕੁਮਾਰ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ।
18 ਮਈ ਨੂੰ ਸੁਸ਼ੀਲ ਕੁਮਾਰ ਨੇ ਗ੍ਰਿਫਤਾਰੀ ਤੋਂ ਬਚਾਅ ਦੀ ਮੰਗ ਕਰਦਿਆਂ ਦਿੱਲੀ ਦੀ ਰੋਹਿਨੀ ਅਦਾਲਤ ਵਿਚ ਪਹੁੰਚ ਕੀਤੀ, ਅਤੇ ਦਾਅਵਾ ਕੀਤਾ ਕਿ ਉਸ ਵਿਰੁੱਧ ਜਾਂਚ ਪੱਖਪਾਤੀ ਹੈ ਅਤੇ ਪੀੜਤ ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ, ਅਦਾਲਤ ਨੇ ਉਸਦੀ ਅਗਾਂਹ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ “ਮੁੱਖ ਸਾਜ਼ਿਸ਼ ਕਰਨ ਵਾਲਾ ਪ੍ਰਮੁੱਖ ਸਾਥੀ” ਸੀ ਅਤੇ ਉਸ ਵਿਰੁੱਧ ਲਗਾਏ ਗਏ ਦੋਸ਼ ਗੰਭੀਰ ਸੁਭਾਅ ਦੇ ਸਨ।