ਰੋਮ: ਇਟਲੀ ਦੇ ਸੂਬੇ ਤੁਸਕਾਨਾ ’ਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ‘ਚ 25 ਸਾਲਾ ਪੰਜਾਬੀ ਨੌਜਵਾਨ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਸੰਦੀਪ ਨੇ ਇਟਲੀ ‘ਚ ‘ਮੈਨ ਆਫ਼ ਦ ਟਰਾਫ਼ੀ’ ਆਪਣੇ ਨਾਮ ਕਰ ਲਈ ਹੈ।
ਸੰਦੀਪ ਨੇ ਦੱਸਿਆ ਕਿ ਉਸ ਨੇ ਇਹ ਕਾਮਯਾਬੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਹਾਸਲ ਕੀਤੀ ਹੈ, ਜਿਸ ਵਿੱਚ ਉਸ ਦੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੂਟ ਦੇ ਵਾਸੀ ਪਰਮਜੀਤ ਸਿੰਘ ਤੇ ਮਨਜੀਤ ਕੌਰ ਦਾ ਪੁੱਤਰ ਸੰਦੀਪ 10 ਸਾਲ ਪਹਿਲਾਂ ਪਰਿਵਾਰ ਨਾਲ ਇਟਲੀ ਆਇਆ ਸੀ।
ਇਟਾਲੀਅਨ ਬਾਕਸਿੰਗ ਐਂਡ ਫਿਟਨਸ ਫੈਡਰੇਸ਼ਨ ਵੱਲੋ ਤੁਸਕਾਨਾ ਸੂਬੇ ’ਚ ਕਰਵਾਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮੈਨ ਆਫ ਦਾ ਟਰਾਫੀ ਜਿੱਤਣ ਤੋਂ ਬਾਅਦ ਹੁਣ ਉਹ 26 ਜੂਨ 2021 ਨੂੰ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਸਲੋਵੇਨੀਆਂ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੰਦੀਪ ਨੇ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੁਨਰ ਨੂੰ ਬਾਹਰ ਜ਼ਰੂਰ ਕੱਢਣ ਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਕੇ ਨਸ਼ਿਆਂ ਤੋਂ ਦੂਰ ਰਹਿਣ। ਸੰਦੀਪ ਨੇ ਦੱਸਿਆ ਕਿ ਉਸਨੇ ਕੁਦਰਤੀ ਢੰਗ ਤੇ ਖ਼ੁਰਾਕ ਨਾਲ ਆਪਣਾ ਸਰੀਰ ਬਣਾਇਆ ਹੈ ਜਿਸ ਨੂੰ ਇਟਾਲੀਅਨ ਕੋਚ ਬਹੁਤ ਪੰਸਦ ਕਰਦੇ ਹੋਏ ਬਹੁਤ ਸਤਿਕਾਰ ਦਿੰਦੇ ਹਨ।