ਵਾਸ਼ਿੰਗਟਨ : ਵੀਰਵਾਰ ਨੂੰ ਭਾਰਤ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ ਦੋ ਡੋਜ਼ਾਂ ਵਿਚਕਾਰ 6 ਤੋਂ 8 ਹਫਤੇ ਦੇ ਅੰਤਰ ਨੂੰ ਵਧਾ ਕੇ 12 ਤੋਂ 16 ਹਫਤੇ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਇਸ ਫ਼ੈਸਲੇ ਨੂੰ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥੋਨੀ ਫਾਸੀ ਨੇ ਸਹੀ ਦੱਸਿਆ ਹੈ। ਉਨ੍ਹਾਂ ਵੈਕਸੀਨ ਦੀਆਂ ਦੋ ਡੋਜ਼ਾਂ ਵਿਚਕਾਰ ਅੰਤਰਾਲ ਵਧਾਉਣ ਨੂੰ ਵੀ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਦੂਜੀ ਖੁਰਾਕ ਵਿੱਚ ਸਮੇਂ ਦਾ ਅੰਤਰ ਵਧਾਉਣਾ ਇਕ ਤਰਕਸ਼ੀਲ ਰਵੱਈਆ ਹੈ।
ਜ਼ਿਕਰਯੋਗ ਹੈ ਕਿ ਤਿੰਨ ਮਹੀਨਿਆਂ ‘ਚ ਇਹ ਦੂਸਰਾ ਮੌਕਾ ਹੈ, ਜਦੋਂ ਭਾਰਤ ਸਰਕਾਰ ਵੱਲੋਂ ਕੋਵੀਸ਼ੀਲਡ ਦੀਆਂ ਦੋ ਡੋਜ਼ਾਂ ਵਿਚਕਾਰ ਸਮੇਂ ਦਾ ਅੰਤਰਾਲ ਵਧਾਇਆ ਗਿਆ ਹੈ।
ਡਾ. ਫਾਸੀ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਹੋਰਾਂ ਦੇਸ਼ਾਂ ਤੇ ਕੰਪਨੀਆਂ ਦੇ ਨਾਲ ਮਿਲ ਕੇ ਵੈਕਸੀਨ ਦਾ ਉਤਪਾਦਨ ਵਧਾਉਣਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਦੀ ਵੱਡੀ ਆਬਾਦੀ ਦੀ ਟੀਕਾਕਰਨ ਕਰ ਸਕਣ। ਉਹਨਾਂ ਕਿਹਾ ਕਿ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾ ਕੇ ਹੀ ਭਾਰਤ ਉਭਰ ਰਹੇ ਕੋਰੋਨਾ ਦੇ ਸੰਕਟ ਤੋਂ ਬੱਚ ਸਕਦਾ ਹੈ।
ਡਾ. ਫਾਸੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਇਸ ਸਮੇਂ ਬੇਹੱਦ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ‘ਚ ਭਾਰਤ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਕਿਵੇਂ ਵਧ ਤੋਂ ਵਧ ਲੋਕਾਂ ਨੂੰ ਟੀਕਾ ਲਾਇਆ ਜਾ ਸਕਦਾ ਹੈ।
ਭਾਰਤ ਨੂੰ ਦੁਨੀਆ ਦਾ ਸਰਵੋਤਮ ਟੀਕਾ ਉਤਪਾਦਕਾਂ ‘ਚੋਂ ਇਕ ਦੱਸਦਿਆਂ ਡਾ. ਫਾਸੀ ਨੇ ਕਿਹਾ ਕਿ ਇਹ ਬਹੁਤ ਵੱਡਾ ਦੇਸ਼ ਹੈ। ਇਸ ਦੀ ਆਬਾਦੀ ਲਗਪਗ 1.4 ਅਰਬ ਹੈ। ਇਸ ਨੇ ਹੁਣ ਤਕ ਕੁਝ ਹੀ ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਰਕਰਨ ਕੀਤਾ ਹੈ। ਇਸ ਤੋਂ ਇਲਾਵਾ ਲਗਪਗ 10 ਫੀਸਦੀ ਲੋਕਾਂ ਨੂੰ ਟੀਕੇ ਦੀ ਇੱਕ ਡੋਜ਼ ਮਿਲੀ ਹੈ।
ਅਜਿਹੇ ‘ਚ ਭਾਰਤ ਨੂੰ ਹੋਰਾਂ ਦੇਸ਼ਾਂ ਤੇ ਕੰਪਨੀਆਂ ਦੇ ਨਾਲ ਮਿਲ ਕੇ ਟੀਕੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨਾਲ ਹੀ ਆਪਣੀ ਵੀ ਉਤਪਾਦਨ ਸਮਰੱਥਾ ਵਧਾਉਣੀ ਚਾਹੀਦੀ ਹੈ ।