-ਅਵਤਾਰ ਸਿੰਘ
ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ‘ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭਦਰਪੁਰਸ਼ਾਂ ਨੂੰ ਸ਼ਰੇਆਮ ਨੰਗਾ ਕਰਦਾ ਸੀ ਅਤੇ ਸਮਾਜ ਜਿਨ੍ਹਾਂ ਨੂੰ ਭੈੜਾ ਕਹਿ ਕੇ ਦੁਰਕਾਰਦਾ ਸੀ, ਮੰਟੋ ਉਨਾਂ ਦੀਆਂ ਛੁਪੀਆਂ ਚੰਗਿਆਈਆਂ ਨੂੰ ਉਜਾਗਰ ਕਰਦਾ ਸੀ। ਉਸ ਦਾ ਜਨਮ 11 ਮਈ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੌਦੀ ਵਿਖੇ ਹੋਇਆ।
ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਆ ਗਏ ਅਤੇ ਇਥੇ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ।
ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸ ਦਾ ਵਿਦਿਅਕ ਕੈਰੀਅਰ ਏਨਾ ਚੰਗਾ ਨਹੀਂ ਸੀ।
ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਦੇ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ।
1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ।
ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ। ਉਸ ਦੀ ਪਤਨੀ ਸੋਫੀਆ ਅਤੇ ਤਿੰਨ ਧੀਆਂ ਨਿਗਹਤ, ਨਜ਼ਹਤ ਤੇ ਨੁਸਰਤ ਸਨ।
ਮੰਟੋ ਲਾਹੌਰ, ਅੰਮ੍ਰਿਤਸਰ, ਅਲੀਗੜ੍ਹ, ਬੰਬਈ ਅਤੇ ਦਿੱਲੀ ਰਿਹਾ। ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿੱਚ ਛਪੀ ਸੀ।
ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿੱਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿੱਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿਤਾ ਸੀ, ਇਸ ਡਰੋਂ ਕਿ ਲੋਕ ਮਜ਼ਾਕ ਉਡਾਣਗੇ।”
ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿੱਚ ਕੇਸ ਚਲੇ। ਮੰਟੋ ਨੇ ਨਾਟਕ, ਕਹਾਣੀਆਂ, ਰੇਖਾ ਚਿੱਤਰ ਤੇ ਹੋਰ ਰੂਪਾਂ ਵਿੱਚ 40 ਦੇ ਕਰੀਬ (ਜਿਨਾਂ ਵਿੱਚ 22 ਮਿੰਨੀ ਕਹਾਣੀ ਸੰਗ੍ਰਿਹ, 5 ਰੇਡੀਉ ਨਾਟਕ, 1 ਨਾਵਲ) ਕਿਤਾਬਾਂ ਲਿਖੀਆਂ।
ਉਸ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਅਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਤਸ਼ਪਾਰੇ’ 1935 ‘ਚ ਛਪਿਆ। 18-8-1954 ਨੂੰ ਉਸਨੇ ਆਪਣੀ ਕਬਰ ਦਾ ਕੁਤਬਾ (ਸਮਾਧੀ ਤੇ) ਲਿਖਿਆ ਸੀ ਜੋ ਇੰਜ ਸੀ,”ਏਥੇ ਦਫਨ ਹੈ ਸਾਅਦਤ ਹਸਨ ਮੰਟੋ ਅਤੇ ਉਨ੍ਹਾਂ ਨਾਲ ਦਫਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ, ਹਜ਼ਾਰਾਂ ਮਣ ਮਿੱਟੀ ਥੱਲੇ ਦਬਿਆ ਉਹ ਹੈਰਾਨ ਹੈ ਕੌਣ ਵੱਡਾ ਕਹਾਣੀਕਾਰ ਹੈ, ਰੱਬ ਕਿ ਉਹ।”
ਅਫਸੋਸ ਪਾਕਿਸਤਾਨ ਦੇ ਤੰਗਦਿਲੀ ਵਾਲੇ ਮਾਹੌਲ ਕਾਰਨ ਉਸਦਾ ਪਰਿਵਾਰ ਇਕ ਅੱਖਰ ਵੀ ਨਾ ਲਿਖਾ ਸਕਿਆ। ਮੰਟੋ ਕਿਸੇ ਬਾਹਰਲੀ ਤਾਕਤ, ਸਿਆਸਤ, ਵਿਚਾਰਧਾਰਾ, ਦਰਸ਼ਨ ਜਾਂ ਵਿਸ਼ਵਾਸ ਅਧੀਨ ਨਹੀਂ ਲਿਖਦਾ ਸੀ ਸਗੋਂ ਉਹ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਵਿੱਚ ਹੀ ਵਿਖਾਉਣ ਦੀ ਕੋਸ਼ਿਸ ਕਰਦਾ, ਜਿਹੋ ਜਿਹੀਆਂ ਉਹ ਹਨ।
ਹਿੰਦੁਸਤਾਨ ਤੇ ਪਾਕਿਸਤਨ ਦੀ ਵੰਡ ਤੋਂ ਪਹਿਲਾਂ ਸਆਦਤ ਹਸਨ ਮੰਟੋ ਦੀਆਂ ਤਿੰਨ ਕਹਾਣੀਆਂ ‘ਕਾਲੀ ਸਲਵਾਰ’, ‘ਧੂੰਆਂ’ ਅਤੇ ‘ਬੂ’ ਦੇ ਅਸ਼ਲੀਲ ਲਿਖਣ ਦੇ ਦੋਸ਼ਾਂ ‘ਤੇ ਅਦਾਲਤੀ ਕੇਸ ਚੱਲੇ। ਇਨ੍ਹਾਂ ਕੇਸਾਂ ਵਿੱਚ ਉਸ ਨੂੰ ਸਜ਼ਾਵਾਂ ਵੀ ਸੁਣਾਈਆਂ ਗਈਆਂ। ਪਰ ਕਈ ਵਾਰ ਉਸ ਨੂੰ ਅਪੀਲ ਕਰਨ ‘ਤੇ ਕੋਰਟ ਨੇ ਲੇਖਕ ਮੰਟੋ ਅਤੇ ਉਸ ਦੀਆਂ ਕਹਾਣੀਆਂ ਨੂੰ ਅਸ਼ਲੀਲਤਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।
ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ ਹੈ। ਪਰ ਉਸ ਨੇ ਇਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ। ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਕਿਤਾ ਉਪਰ ਅਧਾਰਿਤ ਹਨ। ਉਸਦੀ 50ਵੀਂ ਬਰਸੀ ‘ਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ‘ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ।
ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿੱਚ ਸਨ। ਟੋਬਾ ਟੇਕ ਸਿੰਘ, ਬੰਬੇ ਸਟੋਰੀਜ ਤੇ ਠੰਢਾ ਗੋਸ਼ਤ ਪ੍ਰਸਿੱਧ ਕਹਾਣੀਆਂ ਸਨ। ਮੰਟੋ ਨੇ ਕਿਹਾ ਸੀ, ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ। ਮੰਟੋ ਦੀ ਇਕ ਫਿਲਮ ਵੀ ਰਿਲੀਜ਼ ਹੋਈ। 22 ਸਾਲ ਅੰਮ੍ਰਿਤਸਰ ਰਿਹਾ ਪਰ ਉਸਦੀ ਅੱਜ ਤਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18-1-1955 ਨੂੰ 43 ਸਾਲ ਦੀ ਉਮਰ ਵਿੱਚ ਲਾਹੌਰ ਵਿੱਚ ਦੇਹਾਂਤ ਹੋ ਗਿਆ।