ਚੰਡੀਗੜ੍ਹ: ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸੂਬੇ ਵਿਚ ਕੋਵਿਡ ਮਰੀਜਾਂ ਤੋਂ ਵੱਧ ਚਾਰਜ ਕਰਨ ਵਾਲੇ ਹਸਪਤਾਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵਿਜ ਨੇ ਦਸਿਆ ਕਿ ਸੂਬੇ ਦੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਕੋਰੋਨਾ ਮਰੀਜਾਂ ਲਈ ਬੈਡ ਤੇ ਹੋਰ ਸਹੂਲਤਾਂ ਦੀ ਕੀਮਤ ਫਿਕਸ ਕੀਤੀ ਗਈ ਹੈ। ਸੂਬੇ ਵਿਚ ਇਸ ਸਮੇਂ 42 ਨਿੱਜੀ ਹਸਪਤਾਲ ਕੋਵਿਡ ਮਰੀਜਾਂ ਦਾ ਇਲਾਜ ਕਰ ਰਹੇ ਹਨ। ਸਰਕਾਰ ਨੇ ਐਨਏਬੀਐਚ ਤੇ ਜੇਸੀਆਈ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਇਸੋਲੇਸ਼ਨ ਬੈਡ ਦਾ 10,000 ਰੁਪਏ, ਬਿਨਾਂ ਵੈਂਟੀਲੇਟਰ ਦੇ ਆਈਸੀਯੂ ਬੈਡ ਦਾ 15,000 ਰੁਪਏ ਅਤੇ ਵੇਂਟੀਲੈਟਰ ਲੈਸ ਆਈਸੀਯੂ ਬੈਡ ਦਾ 18,000 ਰੁਪਏ ਰੋਜਾਨਾ ਦੀ ਦਰ ਨਾਲ ਕੀਮਤ ਤੈਅ ਕੀਤੀ ਹੈ। ਇਸ ਤਰ੍ਹਾਂ ਬਿਨਾਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਈਸੋਲੇਸ਼ਨ ਬੈਡ ਦਾ 8,000 ਰੁਪਏ, ਬਿਨਾਂ ਵੈਂਟੀਲੇਟਰ ਦੇ ਆਈਸੀਯੂ ਬੈਡ ਦਾ 13,000 ਰੁਪਏ ਅਤੇ ਵੈਂਟੀਲੇਟਰ ਬੈਡ ਦਾ 15000 ਰੁਪਏ ਰੋਜਾਨਾ ਦਾ ਦਰ ਨਾਲ ਕੀਮਤ ਤੈਅ ਕੀਤੀ ਹੈ।
ਸਿਹਤ ਮੰਤਰੀ ਨੇ ਦਸਿਆ ਕਿ ਨਿੱਜੀ ਲੈਬ ਵਿਚ ਵੀ ਕੋਵਿਡ ਟੈਸਟ ਕਰਵਾਉਣ ਦੀ ਕਮੀਤ ਤੈਅ ਕੀਤੀ ਹੈ, ਜਿਸ ਦੇ ਤਹਿਤ ਆਰਟੀ ਪੀਸੀਆਰ ਲਈ 450 ਰੁਪਏ, ਰੈਪਿਡ ਏਂਟੀਜਨ ਲਈ 500 ਰੁਪਏ ਅਤੇ ਏਲਿਸ ਟੈਸਟ ਲਈ 250 ਰੁਪਏ ਫਿਕਸ ਕੀਤੇ ਹਨ। ਇੰਨ੍ਹਾਂ ਤੈਅ ਕੀਮਤ ਤੋਂ ਵੱਧ ਜੇਕਰ ਕੋਈ ਵੀ ਹਸਪਤਾਲ ਮਰੀਜ ਤੋਂ ਪੈਸੇ ਲੈਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਮਰੀਜ ਲਈ ਟਾਸਿਲਿਜੂਮੈਬ ਟੀਕੇ ਦੀ ਲੋਂੜ ਅਨੁਸਾਰ ਵੰਡ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਕੋਵਿਡ 19 ਦੇ ਰਾਜ ਨੋਡਲ ਅਧਿਕਾਰੀ ਡਾ. ਧਰੂਵ ਚੌਧਰੀ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਸੀਨੀਅਰ ਕੰਸਲਟੇਂਟ ਡਾ. ਰਾਜੀਵ ਬਡੇਰਾ ਅਤੇ ਮੇਦਾਂਤਾ ਦੀ ਸੀਨੀਅਰ ਮੈਡੀਕਲ ਅਧਿਕਾਰੀ ਸੁਸ਼ੀਲਾ ਕਟਾਰਿਆ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਹ ਕਮੇਟੀ ਟੀਕੇ ਦੀ ਵੰਡ ਤੇ ਹੋਰ ਸਬੰਧਤ ਮਾਮਲਿਆਂ ਨੂੰ ਲੈ ਕੇ ਮਾਪਦੰਡ ਤੈਅ ਕਰੇਗੀ। ਇਹ ਟੀਕਾ ਲੋਕਲ ਸਿਵਲ ਸਰਜਨ ਰਾਹੀਂ ਨਿੱਜੀ ਹਸਪਤਾਲਾਂ ਨੂੰ ਖਰੀਦ ਮੁੱਲ ‘ਤੇ ਮਹੁੱਇਆ ਕਰਵਾਇਆ ਜਾਵੇਗਾ ਅਤੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਇਹ ਟੀਕਾ ਮੁਫਤ ਦਿੱਤਾ ਜਾਵੇਗਾ।