ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਸੰਕਟ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਜਿੱਥੇ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ ਤੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਗੁਰੂ ਘਰ ਵਿਚ ਆਕਸੀਜਨ ਦਾ ਲੰਗਰ ਲਗਾਇਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਗੁਰਦੁਆਰਾ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਰੰਮੀ ਨੇ ਦੱਸਿਆ ਕਿ ਅਸੀਂ ਆਕਸੀਜਨ ਸਿਲੰਡਰ ਦੇਣ ਜਾਂ ਭਰਨ ਦਾ ਕੰਮ ਨਹੀਂ ਕਰ ਰਹੇ। ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੇ ਵਾਹਨਾਂ ਵਿੱਚ ਮਰੀਜ਼ਾਂ ਦੇ ਨਾਲ ਗੁਰੂ ਘਰ ਵਿੱਚ ਆਉਣ ਤੇ ਅਸੀਂ ਉਨ੍ਹਾਂ ਨੂੰ ਆਕਸੀਜਨ ਉਪਲੱਬਧ ਕਰਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਮਰੀਜ਼ ਨੂੰ ਜਦੋਂ ਤੱਕ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਜਾਂਦਾ ਉਦੋਂ ਤੱਕ ਸਾਡੇ ਵਲੋਂ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰੰਮੀ ਨੇ ਕਿਹਾ ਕਿ ਮੇਰੀ ਗਾਜ਼ੀਆਬਾਦ ਦੇ ਡੀਐੱਮ ਅਤੇ ਸਾਂਸਦ ਵੀ.ਕੇ ਸਿੰਘ ਨੂੰ ਅਪੀਲ ਹੈ ਕਿ ਸਾਨੂੰ ਬੈਕਅੱਪ ਲਈ 20 -25 ਸਿਲੰਡਰ ਉਪਲੱਬਧ ਕਰਵਾਏ ਜਾਣ ਜਿਸ ਨਾਲ ਲਗਭਗ 1000 ਲੋਕਾਂ ਦੀ ਜ਼ਿੰਦਗੀ ਬਚ ਜਾਵੇਗੀ।