-ਅਵਤਾਰ ਸਿੰਘ
ਵਿਸਾਖੀ ਆਰਥਿਕ ਤੇ ਸੱਭਿਆਚਾਰ ਨਾਲ ਜੁੜਿਆ ਤਿਉਹਾਰ ਵਿਸਾਖੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਵੈ ਦਾ ਅਰਥ ਹੈ ਵਿਸ਼ੇਸ ਅਤੇ ਸਾਖ ਦਾ ਅਰਥ ਹੈ ਫਸਲ, ਟਾਹਣੀ, ਹੋਂਦ, ਜਿਨਸ, ਗਵਾਹੀ, ਸੰਤਾਨ।
ਕਈ ਰਾਜਾਂ ਵਿੱਚ ਇਹ ਬੈਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੁੱਖ ਸਬੰਧ ਕਣਕ ਦੀ ਫਸਲ ਨਾਲ ਹੈ ਇਸ ਦੇ ਪੱਕਣ ਤੇ ਘਰ ਵਿੱਚ ਆ ਜਾਣ ਦੀ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਅਸਾਮ ਵਿੱਚ ਰੋਂਗਾਲੀ, ਪੱਛਮੀ ਬੰਗਾਲ ਵਿੱਚ ਨਾਥਾ ਬਰਸ਼ਾ, ਤਾਮਿਲਨਾਡੂ ਵਿੱਚ ਪੁੰਥਾਂਡੂ, ਕੇਰਲਾ ਵਿੱਚ ਪੂਰਮ ਵਿਸ਼ੂ ਦੇ ਨਾਮ ਨਾਲ ਇਹ ਤਿਉਹਾਰ ਮਨਾਇਆ ਜਾਂਦਾ।
ਹਿਮਾਚਲ ਪ੍ਰਦੇਸ਼ ਵਿੱਚ ਵਿਸਾਖ ਅਤੇ ਕੱਤਕ ਮਹੀਨੇ ਵਿੱਚ ਦੋ ਵਾਰ ਵਿਸਾਖੀ ਮਨਾਈ ਜਾਂਦੀ ਹੈ। ਸਿੱਖ ਪੰਥ ਵਿੱਚ ਵਿਸਾਖੀ ਦਾ ਮੇਲਾ ਭਾਈ ਕਾਹਨ ਸਿੰਘ ਨਾਭਾ ਮੁਤਾਬਿਕ ਸਭ ਤੋਂ ਪਹਿਲਾਂ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਜੀ ਆਗਿਆ ਨਾਲ ਸ਼ੁਰੂ ਕੀਤਾ ਸੀ।
ਅਸਲ ਵਿੱਚ ਖਾਲਸਾ ਪੰਥ ਦੀ ਨੀਂਹ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੌਬਿੰਦ ਸਿੰਘ ਨੇ ਰੱਖੀ ਸੀ, ਬਰਤਾਨੀਆ ਹਕੂਮਤ ਵੱਲੋਂ 1752 ਵਿੱਚ ਗੈਰੋਅਨ ਕਲੈਂਡਰ ਲਾਗੂ ਹੋਣ ਕਰਕੇ ਹੁਣ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ।
ਵਿਸਾਖੀ ਵਾਲੇ ਦਿਨ ਗੁਰੂ ਗੌਬਿੰਦ ਸਿੰਘ ਨੇ ਸਹਿਮੇ ਤੇ ਡਰਿਆਂ ਹੋਇਆਂ ਨੂੰ ਸ਼ੇਰ ਵਾਲਾ ਦਿਲ ਦਿਤਾ, ਬੇ-ਪਛਾਣ ਲੋਕਾਂ ਨੂੰ ਉਹ ਪਹਿਰਾਵਾ ਦਿਤਾ, ਜਿਸ ਨਾਲ ਉਹ ਦੂਰੋਂ ਪਛਾਣੇ ਜਾਣ।
ਉਹ ਲੜੇ ਹੀ ਨਹੀਂ ਸਗੋਂ ਉਨ੍ਹਾਂ ਨੇ ਕਦੇ ਨਾ ਹਾਰਨ ਵਾਲੀ ਫੌਜ ਵੀ ਬਣਾਈ। ਉਨ੍ਹਾਂ ਇਕ ਆਦਰਸ਼ ਮਨੁੱਖ ਦਾ ਸੰਕਲਪ ਪੈਦਾ ਕੀਤਾ ਕਿਉਂਕਿ ਉਹ ਆਪ ਆਦਰਸ਼ ਮਨੁੱਖ ਸਨ। ਉਨ੍ਹਾਂ ਦਾ ਸ਼ੰਦੇਸ ਸੀ ਜਦ ਜੁਲਮ ਦੀ ਅੱਤ ਹੋ ਜਾਵੇ ਹਥਿਆਰ ਚੁਕਣੇ ਜਾਇਜ ਹਨ। ਉਨ੍ਹਾਂ ਨੇ ਜਾਤ-ਪਾਤ ਤੇ ਇਲਾਕਾਵਾਦ ਤੋਂ ਉਠ ਕੇ ਗਰੀਬ ਮਜਲੂਮਾਂ ਦੀ ਏਕਤਾ ਨੂੰ ਮਜਬੂਤ ਕਰਨ ਵਾਸਤੇ ਖਾਲਸਾ ਪੰਥ ਸਾਜਿਆ।
ਜਲਿਆਂ ਵਾਲਾ ਬਾਗ ਦਾ ਕਾਂਡ 9 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਡਾ ਹਾਫਿਜ਼ ਮੁਹੰਮਦ ਬਸ਼ੀਰ ਨੇ ਰਾਮ ਨੌਮੀ ਦਾ ਤਿਉਹਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ, ਜਦ ਲੈਫਟੀਨੈਂਟ ਗਵਰਨਰ ਸਰ ਮਾਇਕਲ ਨੂੰ ਖਬਰ ਮਿਲੀ ਤੇ ਉਸਨੇ ਤੁਰੰਤ ਡੀ ਸੀ ਆਈਲ ਇਰਵਨ ਨੂੰ ਹੁਕਮ ਦਿੱਤਾ ਕਿ ਡਾਕਟਰ ਸਤਿਆ ਪਾਲ ਤੇ ਸੈਫੂਦੀਨ ਕਿਚਲੂ ਨੂੰ ਗਿਰਫਤਾਰ ਕੀਤਾ ਜਾਵੇ।
ਉਨ੍ਹਾਂ ਦੀ ਗ੍ਰਿਫਤਾਰੀ ਵਿਰੁਧ 10 ਅਪ੍ਰੈਲ ਨੂੰ ਇਕੱਠੀ ਭੀੜ ਤੇ ਗੋਲੀ ਚਲਾਈ ਗਈ ਜਿਸ ਨਾਲ 10-12 ਭਾਰਤੀਆਂ ਦੀ ਮੌਤ ਹੋ ਗਈ। ਇਸ ਦੇ ਵਿਰੋਧ ਵਿਚ 13 ਅਪ੍ਰੈਲ ਸ਼ਾਮ 4:30 ਵਜੇ ਜਲਿਆਂ ਵਾਲੇ ਬਾਗ ਵਿੱਚ ਸਖਤ ਪਾਬੰਦੀ ਦੇ ਬਾਵਜੂਦ ਵੱਡਾ ਇਕੱਠ ਹੋਇਆ। ਸਭਾ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਗੁਰਬਖਸ਼ ਸਿੰਘ ਰਾਏ ਨੇ ਚਾਰ ਮਤੇ ਪੜਨੇ ਸਨ, ਪਹਿਲਾ ਡਾਇਰ ਦੇ ਗੁਸੇ ਨੂੰ ਸ਼ਾਂਤ ਕਰਨ ਵਾਸਤੇ ਸਰਕਾਰ ਪ੍ਰਤੀ ਵਫਾਦਾਰੀ, ਦੂਜਾ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ, ਤੀਜਾ ਸ਼ਹਿਰ ਵਾਸੀਆਂ ਨੂੰ ਹੜਤਾਲ ਖਤਮ ਕਰਨ ਤੇ ਚੌਥਾ ਸਰਕਾਰ ਨੂੰ ਰੋਲਟ ਐਕਟ ਵਾਪਸ ਲੈਣ ਬਾਰੇ ਸੀ।
ਪਹਿਲਾ ਮਤਾ ਪੜਨਾ ਸ਼ੁਰੂ ਕੀਤਾ ਸੀ ਕਿ ਡਾਇਰ ਨੇ ਫੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿਤਾ। ਇਹ ਗੋਲੀਆਂ ਉਸ ਵੇਲੇ ਬੰਦ ਹੋਈਆਂ ਜਦੋਂ ਉਨ੍ਹਾਂ ਕੋਲੋਂ 1650 ਗੋਲੀਆਂ ਮੁਕ ਗਈਆਂ।
ਸਰਕਾਰੀ ਸੂਤਰਾਂ ਅਨੁਸਾਰ 379 ਮੌਤਾਂ ਤੇ 1208 ਜਖਮੀ ਹੋਏ। ਕੁਝ ਲੋਕਾਂ ਮੁਤਾਬਿਕ ਮਿਰਤਕਾਂ ਦੀ ਗਿਣਤੀ ਅੱਠ ਸੌ ਤੋਂ ਵਧ ਤੇ ਹਜ਼ਾਰਾਂ ਜਖਮੀ ਹੋਏ ਸਨ।ਕਲਕੱਤਾ ਦੇ ਪ੍ਰਸਿੱਧ ਅਖਬਾਰ ‘ਅੰਮ੍ਰਿਤ ਬਾਜ਼ਾਰ ਪਤਰਕਾ’ ਅਨੁਸਾਰ 1500 ਹੈ, ਜਲਿਆਂ ਵਾਲਾ ਬਾਗ ਯਾਦਗਾਰੀ ਟਰੱਸਟ ਕੋਲ 388 ਜਦਕਿ ਜਲਿਆਂ ਵਾਲਾ ਬਾਗ ਪਰਿਵਾਰ ਸੰਮਤੀ ਕੋਲ 436 ਨਾਵਾਂ ਦੀ ਸੂਚੀ ਹੈ।
ਪੰਜਾਬ ਗੋਰਮਿੰਟ ਹੋਮ ਮਨਿਸਟਰੀ ਦੀ ਫਾਇਲ ਨੰ 139 ਵਿੱਚ 381 ਨਾਵਾਂ ਦਾ ਵੇਰਵਾ ਹੈ।ਫਰਵਰੀ 2013 ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇਸ ਕਾਂਡ ਨੂੰ ਬਰਤਾਨੀਆ ਸਰਕਾਰ ਲਈ ਸ਼ਰਮਨਾਕ ਕਾਰਾ ਦਸਿਆ।ਛੇ ਦਸੰਬਰ 2017 ਨੂੰ ਅੰਗਰੇਜ ਸਰਕਾਰ ਨੇ ਮੁਆਫੀ ਮੰਗੀ ਜੋ ਜਰੂਰੀ ਸੀ।