ਵਾਸ਼ਿੰਗਟਨ :- ਪੈਂਟਾਗਨ ਨੇ ਕਿਹਾ ਕਿ ਭਾਰਤ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੇ ਵਿਸ਼ੇਸ਼ ਆਰਥਿਕ ਜ਼ੋਨ ਦੇ ਘੇਰੇ ’ਚ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਵੱਲੋਂ ਨੇਵੀਗੇਸ਼ਨ ਹੱਕਾਂ ਦੀ ਵਰਤੋਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੀ ਹੈ।
ਅਮਰੀਕੀ ਜਲ ਸੈਨਾ ਦੇ ਜਹਾਜ਼ ਜੌਹਨ ਪੌਲ ਜੋਨਸ ਦੇ ਭਾਰਤ ਦੇ ਈਈਜ਼ੈੱਡ ’ਚੋਂ ਗੁਜ਼ਰਨ ਦੇ ਸਬੰਧ ’ਚ ਭਾਰਤ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਪੈਂਟਾਗਨ ਦੇ ਤਰਜਮਾਨ ਜੌਹਨ ਕਿਰਬੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬੇੜੇ ਨੇ ਮਾਲਦੀਵ ਨੇੜਿਉਂ ਸਮੁੰਦਰੀ ਇਲਾਕੇ ’ਚ ਜਾਇਜ਼ ਢੰਗ ਨਾਲ ਗੁਜ਼ਰਦਿਆਂ ਆਪਣੇ ਨੇਵੀਗੇਸ਼ਨ ਅਧਿਕਾਰਾਂ ਅਤੇ ਆਜ਼ਾਦੀ ਦੀ ਵਰਤੋਂ ਕੀਤੀ ਹੈ। ਕਿਰਬੀ ਨੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨਾਂ ਮੁਤਾਬਕ ਹੀ ਹੈ ਅਤੇ ਉਹ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਅਨੁਸਾਰ ਉਡਾਣਾਂ ਭਰਦੇ ਰਹਿਣਗੇ ਅਤੇ ਸਮੁੰਦਰ ’ਚ ਵਿਚਰਦੇ ਰਹਿਣਗੇ।
ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਗ਼ੈਰਕਾਨੂੰਨੀ ਢੰਗ ਨਾਲ ਸਮੁੰਦਰੀ ਪਾਣੀਆਂ ’ਚ ਜਹਾਜ਼ਾਂ ਦੇ ਆਉਣ ਦਾ ਕੂਟਨੀਤਕ ਚੈਨਲਾਂ ਰਾਹੀਂ ਅਮਰੀਕੀ ਸਰਕਾਰ ਕੋਲ ਵਿਰੋਧ ਦਰਜ ਕਰਵਾਇਆ ਹੈ।