ਕੋਲਕਾਤਾ: ਵੀਰਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਦੇ ਦੂਜੇ ਗੇੜ ਵਿੱਚ ਨੰਦੀਗ੍ਰਾਮ ਸੀਟ’ਤੇ ਵੋਟਿੰਗ ਦੌਰਾਨ ਹੋਈ ਹਿੰਸਕ ਝੜਪ ਦਾ ਜ਼ਿਕਰ ਇਲੈਕਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ‘ਚ ਨਹੀਂ ਕੀਤਾ। ਜਦਕਿ ਨੰਦੀਗ੍ਰਾਮ ਦੇ ਬੁਯਾਲ ਪੋਲਿੰਗ ਬੂਥ ‘ਤੇ ਬੀਜੇਪੀ-ਟੀਐਮਸੀ ਦੇ ਵਰਕਰਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਫਸ ਗਏ ਸਨ। ਇਹ ਪੂਰੀ ਘਟਨਾ ਦੋ ਘੰਟੇ ਤੱਕ ਚੱਲੀ ਸੀ। ਹਿੰਸਾ ਵਧਦੀ ਦੇਖ ਪੈਰਾ ਮਿਲਟਰੀ ਦੇ ਜਵਾਨਾਂ ਨੇ ਮਮਤਾ ਬੈਨਰਜੀ ਨੂੰ ਭੀੜ ਚੋਂ ਬਾਹਰ ਕੱਢਿਆ ਸੀ।
ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਆਪਣੇ ਅਧਿਕਾਰੀਆਂ ਨੂੰ ਨੰਦੀਗ੍ਰਾਮ ਵਿਧਾਨ ਸਭਾ ਸੀਟ ਦੀ ਰਿਪੋਰਟ ਦੇਣ ਲਈ ਕਿਹਾ ਸੀ। ਪਰ ਇਲੈਕਸ਼ਨ ਕਮਿਸ਼ਨ ਕੋਲ ਗਈ ਰਿਪੋਰਟ ਵਿੱਚ ਹਿੰਸਾ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ ਇਸ ਪੋਲਿੰਗ ਸਟੇਸ਼ਨ ‘ਤੇ ਵੋਟਿੰਗ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਈ, ਸਾਰਾ ਕੁਝ ਸ਼ਾਂਤਮਈ ਢੰਗ ਨਾਲ ਨਿਪਟਾ ਲਿਆ ਗਿਆ। ਇਸ ਰਿਪੋਰਟ ਨੂੰ ਲੈ ਕੇ ਚੋਣ ਕਮਿਸ਼ਨ ਨੇ ਇਕ ਬਿਆਨ ਵੀ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਸੀ ਕਿ ਪੋਲਿੰਗ ਸਟੇਸ਼ਨ ਨੰਬਰ ਸੱਤ ਬੁਯਾਲ ਪ੍ਰਾਇਮਰੀ ਸਕੂਲ ਵਿੱਚ ਵੋਟਿੰਗ ਸ਼ਾਂਤਮਈ ਢੰਗ ਨਾਲ ਹੋ ਰਹੀ ਹੈ।