-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਧਰਮ, ਜ਼ਾਤ ਜਾਂ ਨਸਲ ਅਸਲ ਵਿੱਚ ਇਨਸਾਨੀ ਘਾੜਤਾਂ ਹਨ ਨਾ ਕਿ ਖ਼ੁਦਾ ਵੱਲੋਂ ਨਿਰਧਾਰਤ ਕੀਤੀ ਗਈ ਕੋਈ ਦਰਜਾਬੰਦੀ। ਵਿਦਵਾਨਾਂ ਅਤੇ ਧਾਰਮਿਕ ਰਹਿਨੁਮਾਵਾਂ ਅਨੁਸਾਰ ਪਰਮਾਤਮਾ ਨੇ ਸਮੁੱਚੇ ਦ੍ਰਿਸ਼ਟਮਾਨ ਜਗਤ ਵਿੱਚ ਵੱਸਦੇ ਹਰ ਸ਼ਖ਼ਸ ਨੂੰ ਆਪਣਾ ਰੂਪ ਦੇ ਕੇ ਸਾਜਿਆ ਹੈ ਜਿਸ ਕਰਕੇ ਇੱਥੇ ਕੋਈ ੳੁੱਚਾ ਜਾਂ ਨੀਵਾਂ ਨਹੀਂ ਹੈ ਤੇ ਸਭ ਬਰਾਬਰ ਹਨ ਪਰ ਸਿਆਣਪ ਤੇ ਤਾਕਤ ਦੇ ਹੰਕਾਰ ‘ਚ ਚੂਰ ਮਨੁੱਖ ਨੇ ਆਪਣੀ ਹੀ ਜ਼ਾਤ ਨੂੰ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਜਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਦੀਆਂ ਵਲਗਣਾਂ ਵਿੱਚ ਬੰਨ੍ਹ ਲਿਆ। ਭਾਰਤ ਵਿੱਚ ਸਦੀਆਂ ਤੱਕ ਅਖੌਤੀ ਉਚੀ ਜ਼ਾਤ ਵਾਲੇ ਆਪਣੀ ਸੋਚ ਅਨੁਸਾਰ ਸਿਰਜੇ ਨੀਵੀਂ ਜ਼ਾਤ ਵਾਲਿਆਂ ਨੂੰ ਤਿਰਸਕਾਰਦੇ, ਦੁਤਕਾਰਦੇ ਤੇ ਮਾਰਦੇ ਰਹੇ। ਭਾਰਤ ਤੋਂ ਬਾਹਰ ਵੀ ਅਮਰੀਕਾ, ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਰੰਗ ਜਾਂ ਨਸਲ ਦੇ ਆਧਾਰ ‘ਤੇ ਵਿਤਕਰਾ ਤੇ ਜ਼ੁਲਮ ਕਰਨ ਦੀਆਂ ਵਾਰਦਾਤਾਂ ਸਦੀਆਂ ਤੋਂ ਵਾਪਰਦੀਆਂ ਆਈਆਂ ਹਨ ਤੇ ਵਿਗਿਆਨ ਤੇ ਤਕਨੀਕ ਦਾ ਯੁਗ ਅਖ਼ਵਾਉਂਦੇ ਅਜੋਕੇ ਯੁਗ ਵਿੱਚ ਵੀ ਅਜਿਹੀਆਂ ਘਿਨਾਓਣੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪਈ ਹੈ। ਅੱਜ ਬੜੀ ਲੋੜ ਹੈ ਕਿ ਸੰਸਾਰਵਾਸੀ ਧਰਮਾਂ, ਜ਼ਾਤਾਂ, ਮਜ਼ਹਬਾਂ, ਰੰਗਾਂ ਤੇ ਨਸਲਾਂ ਦੇ ਭਰਮ-ਭੁਲੇਖਿਆਂ ‘ਚੋਂ ਨਿੱਕਲ ਕੇ ‘ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ’ ਦੇ ਸੰਕਲਪ ਨੂੰ ਸਮਝਣ ਤੇ ਮੰਨ੍ਹਣ ਤੇ ਸਰਬੱਤ ਦੇ ਭਲੇ ਲਈ ਲਾਮਬੱਧ ਹੋਣ।
ਸੰਨ 1979 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਭਾਵ ਜਨਰਲ ਅਸੈਂਬਲੀ ਨੇ ਨਸਲੀ ਵਿਤਕਰੇ ਖ਼ਿਲਾਫ਼ ਸੰਘਰਸ਼ ਕਰਦੇ ਲੋਕਾਂ ਦੇ ਸਮਰਥਨ ਵਿੱਚ ਭਾਈਚਾਰਕ ਸਾਂਝ ਦਾ ਇੱਕ ਹਫ਼ਤਾ ਮਨਾਏ ਜਾਣ ਦਾ ਫ਼ੈਸਲਾ ਕੀਤਾ ਸੀ ਤੇ ਉਸ ਹਫ਼ਤੇ ਦਾ ਪਹਿਲਾ ਦਿਨ 21 ਮਾਰਚ ਸੀ। ਦਰਅਸਲ ਸੰਨ 1960 ਵਿੱਚ ਦੱਖਣੀ ਅਫ਼ਰੀਕਾ ਦੇ ਸ਼ਾਰਪਵਿਲੇ ਇਲਾਕੇ ਵਿੱਚ ਸਰਕਾਰ ਦੇ ਦਮਨਕਾਰੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ 69 ਸਿਆਹਫ਼ਾਮ ਭਾਵ ਕਾਲੀ ਚਮੜੀ ਵਾਲੇ ਲੋਕਾਂ ਨੂੰ ਪੁਲੀਸ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਦੱਖਣੀ ਅਫ਼ਰੀਕਾ ਵਿੱਚ ਉਨ੍ਹਾ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 21 ਮਾਰਚ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਿਨ ਨੂੰ ਕੌਮੀ ਛੁੱਟੀ ਐਲਾਨਿਆ ਜਾਂਦਾ ਹੈ। ਸੰਯੁਕਤ ਰਾਸਟਰ ਸੰਘ ਦਾ ਮੰਨਣਾ ਹੈ ਕਿ ਇਸ ਦਿਵਸ ਮੌਕੇ ਸਮੁੱਚੇ ਵਿਸ਼ਵ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਹਰ ਪ੍ਰਕਾਰ ਦੇ ਨਸਲੀ ਵਿਤਕਰੇ ਤੇ ਨਫ਼ਰਤ ਨੂੰ ਮੂਲੋਂ ਖ਼ਤਮ ਕਰਨ ਆਪਣੇ ਯਤਨ ਦੁੱਗਣੇ ਕਰੇ।
ਸੰਨ 2010 ਵਿੱਚ ਇਸ ਦਿਵਸ ਦਾ ਥੀਮ ‘ ਨਸਲਵਾਦ ਖ਼ਤਮ ਕਰੋ’ ਰੱਖਿਆ ਗਿਆ ਸੀ ਜਦੋਂ ਕਿ ਸੰਨ 2021 ਵਿੱਚ ਇਸ ਦਿਵਸ ਦਾ ਥੀਮ ‘ਨਸਲਵਾਦ ਖਿਲਾਫ਼ ਡਟਦਾ ਨੌਜਵਾਨ ਵਰਗ ’ ਹੈ। ਇਹ ਦਿਵਸ ਸੰਕੀਰਣਤਾ ਤੇ ਸੰਪ੍ਰਦਾਇਕਤਾ ਦੀਆਂ ਦੀਵਾਰਾਂ ਢਾਹ ਕੇ ਆਪਸੀ ਪਿਆਰ,ਸਤਿਕਾਰ,ਬਰਾਬਰੀ ਅਤੇ ਸਹਿਣਸ਼ੀਲਤਾ ਦੇ ਸੰਕਲਪ ਨੂੰ ਅਪਨਾਉਣ ਦਾ ਸੰਦੇਸ਼ ਦਿੰਦਾ ਹੈ। ਭਾਰਤ ਵਿੱਚ ਸੰਨ ਸੰਤਾਲੀ ਵੇਲੇ ਤੇ ਉਸ ਤੋਂ ਬਾਅਦ ਦੇ ਵਰਿ੍ਹਆਂ ਵਿੱਚ ਧਰਮ ਜਾਂ ਮਜ਼ਹਬ ਦੇ ਨਾਂ ‘ਤੇ ਵਾਪਰੇ ਦੰਗੇ ਤੇ ਉਨ੍ਹਾ ਦੰਗਿਆਂ ਵਿੱਚ ਵਹਿਸ਼ੀਆਨਾ ਢੰਗ ਨਾਲ ਕੀਤੇ ਗਏ ਮਾਸੂਮਾਂ ਤੇ ਨਿਰਦੋੋਸ਼ਾਂ ਦੇ ਕਤਲ ਵੱਖ ਵੱਖ ਧਰਮਾਂ ਤੇ ਮਜ਼ਹਬਾਂ ਦੇ ਲੋਕਾਂ ਅਤੇ ਸਮੁੱਚੇ ਭਾਰਤੀ ਸਮਾਜ ਤੇ ਮਨੁੱਖਤਾ ਦੇ ਮੱਥੇ ‘ਤੇ ਬਦਨੁਮਾ ਦਾਗ਼ ਹਨ,ਕਲੰਕ ਹਨ। ਸੰਨ 2020 ਵਿੱਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ‘ ਕਾਲੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਮਾਅਨੇ ਰੱਖਦੀਆਂ ਹਨ ’ ਸਿਰਲੇਖ ਹੇਠ ਰੋਸ ਮਾਰਚ ਕੱਢੇ ਗਏ ਸਨ ਤੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਵਿੱਚ ਮੀਡੀਆ ਨੂੰ ਸਰਗਰਮ ਭੂਮਿਕਾ ਅਦਾ ਕਰਨ ਲਈ ਅਪੀਲ ਕੀਤੀ ਗਈ ਸੀ। ਕੋਵਿਡ-19 ਦੇ ਪ੍ਰਕੋਪ ਦੇ ਪੈਰ ਪਸਾਰਨ ਕਰਕੇ ਇਸ ਮੁਹਿੰਮ ਥੋੜ੍ਹੀ ਮੱਠੀ ਜ਼ਰੂਰ ਪੈ ਗਈ ਸੀ ਪਰ ਮੁੱਕੀ ਨਹੀਂ ਸੀ। ਸੰਯੁਕਤ ਰਾਸ਼ਟਰ ਸੰਘ ਮੰਨਦਾ ਹੈ ਕਿ ਸਾਰੇ ਮਨੁੱਖ ਧਰਮਾਂ,ਜ਼ਾਤਾਂ,ਰੰਗਾਂ,ਨਸਲਾਂ ਤੇ ਮਜ਼ਹਬਾਂ ਦੀਆਂ ਜ਼ੰਜੀਰਾਂ ਤੋਂ ਮੁਕਤ ਹੀ ਪੈਦਾ ਹੋਏ ਹਨ ਤੇ ਸਦਾ ਮੁਕਤ ਹੀ ਰਹਿਣੇ ਚਾਹੀਦੇ ਹਨ ਤੇ ਸਭ ਨੂੰ ਸਮਾਨਤਾ ਦਾ ਹੱਕ ਹਾਸਿਲ ਹੋਣਾ ਚਾਹੀਦਾ ਹੈ। ਸੰਘ ਇਹ ਵੀ ਮੰਨਦਾ ਹੈ ਕਿ ਕਿਸੇ ਵੀ ਕੌਮ ਵੱਲੋਂ ਆਪਣੇ ਆਪ ਨੂੰ ਨਸਲੀ ਤੌਰ ‘ਤੇ ਦੂਜੀ ਕੌਮ ਨਾਲੋਂ ੳੁੱਤਮ ਸਮਝਣਾ ਜਾਂ ਮੰਨਣਾ ਵਿਗਿਆਨਕ ਤੌਰ ‘ਤੇ ਝੂਠਾ,ਨੈਤਿਕ ਤੌਰ ‘ਤੇ ਨਿੰਦਣਯੋਗ ਅਤੇ ਸਮਾਜਿਕ ਤੌਰ ‘ਤੇ ਅਨਿਆਂਕਾਰੀ ਹੈ ਤੇ ਅਜਿਹੀ ਸੋਚ ਦਾ ਜੜ੍ਹ ਤੋਂ ਖ਼ਾਤਮਾ ਬੇਹੱਦ ਜ਼ਰੂਰੀ ਹੈ।
ਸੋ ਅੰਤ ਵਿੱਚ ਕਹਿਣਾ ਬਣਦਾ ਹੈ ਕਿ ਅੱਜ ਦੇ ਇਸ ਪਾਵਨ ਦਿਵਸ ਮੌਕੇ ‘ਤੇ ਹਰ ਪ੍ਰਕਾਰ ਦੇ ਰੰਗ,ਨਸਲ,ਧਰਮ,ਜ਼ਾਤ ਜਾਂ ਮਜ਼ਹਬ ਦੇ ਆਧਾਰ ‘ਤੇ ਕੀਤੇ ਜਾਣ ਵਾਲੇ ਵਿਤਕਰੇ ਨੂੰ ਤਿਲਾਂਜਲੀ ਦੇ ਕੇ ‘ ਸਭੈ ਸਾਂਝੀ ਵਾਲ ਸਦਾਇਨੁ ਤੂ ਕਿਸੇ ਨਾ ਦੀਸੈ ਬਾਹਰਾ ਜੀਓ ’’ ਦੀ ਸੋਚ ਹਰੇਕ ਮੱਥੇ ਵਿੱਚ ਪਾ ਦਿੱਤੀ ਜਾਵੇ ਤੇ ਨਫ਼ਰਤ ਦੀ ਥਾਂ ਹਰੇਕ ਪ੍ਰਤੀ ਪ੍ਰੇਮ ਦਾ ਭਾਵ ਹਰ ਹਿਰਦੇ ਵਿੱਚ ਉਜਾਗਰ ਕੀਤੇ ਜਾਵੇ ਤਾਂ ਜੋ ਆਪਣੇ ਆਪ ਨੂੰ ‘ ਅਸ਼ਰਫ਼-ਉਲ-ਮਖ਼ਲੂਕਾਤ’ ਭਾਵ ਸਰਬੋਤਮ ਅਖਵਾਉਣ ਵਾਲਾ ਮਨੁੱਖ ਬਾਤੀ ਸਭ ਨਾਲ ਪ੍ਰੇਮ ਤੇ ਭਾਈਚਾਰੇ ਸਹਿਤ ਰਹਿ ਸਕੇ।
ਮੋਬਾਇਲ: 97816-46008