ਵਰਲਡ ਡੈਸਕ – ਭਾਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਵਿਚਾਲੇ ਵੀ ਆਏ ਦਿਨ ਦੂਰੀ ਵੱਧਦੀ ਰਹੀ ਹੈ। ਭਾਰਤੀ ਮੂਲ ਦੇ ਦੋ ਕੈਨੇਡੀਅਨ ਸੰਸਦ ਮੈਂਬਰਾਂ ਦੇ ਇੱਕ ਰਿਸ਼ਤੇਦਾਰ ’ਤੇ ਹੁਣ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਇੱਕ ਹਮਾਇਤੀ ’ਤੇ ਹਮਲਾ ਕੀਤਾ ਸੀ।
ਪੀਲ ਰੀਜਨਲ ਪੁਲਿਸ ਮੁਤਾਬਕ ਹੁਣ ਉਨਟਾਰੀਓ ਸੂਬੇ ਦੇ ਕੇਲਡੌਨ ਨਿਵਾਸੀ ਜੋਧਵੀਰ ਧਾਲੀਵਾਲ ’ਤੇ ਹਮਲੇ ਦੇ ਦੋਸ਼ ਲੱਗੇ ਹਨ। ਜੋਧਵੀਰ ਧਾਲੀਵਾਲ ‘ਨਿਊ ਡੈਮੋਕ੍ਰੈਟਿਕ ਪਾਰਟੀ’ ਦੇ ਆਗੂ ਜਗਮੀਤ ਸਿੰਘ ਦੇ ਸਕੇ ਸਾਢੂ ਹਨ। ਇਸ ਤੋਂ ਇਲਾਵਾ ਧਾਲੀਵਾਲ ਲਿਬਰਲ MP ਰੂਬੀ ਸਹੋਤਾ ਦੇ ਵੀ ਰਿਸ਼ਤੇਦਾਰ ਹਨ।
ਇਸ ਤੋਂ ਪਹਿਲਾਂ ਟੋਰਾਂਟੋ ਦੇ 27 ਸਾਲਾ ਜਸਕਰਨ ਸਿੰਘ ’ਤੇ ਵੀ PM ਨਰਿੰਦਰ ਮੋਦੀ ਦੀ 40 ਸਾਲਾ ਮਹਿਲਾ ਸਮਰਥਕ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਕੁੱਟਮਾਰ ਦੀ ਕਥਿਤ ਘਟਨਾ ਦੋ ਹਫ਼ਤੇ ਪਹਿਲਾਂ 28 ਫ਼ਰਵਰੀ ਨੂੰ ਵਾਪਰੀ ਸੀ; ਜਦੋਂ ਕੁਝ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਹੱਕ ’ਚ ਕਾਰ ਰੈਲੀ ਕੱਢੀ ਸੀ, ਉੱਥੇ ਹਮਲਿਆਂ ਵੀ ਕੁਝ ਘਟਨਾਵਾਂ ਵਾਪਰੀਆਂ ਸਨ।