ਵਰਲਡ ਡੈਸਕ: – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਦੋਸਤੀ ਦਾ ਹੱਥ ਵਧਾਉਂਦਿਆਂ ਬੀਤੇ ਸ਼ਨੀਵਾਰ ਨੂੰ ਭਾਰਤ ਨਾਲ ਜੰਗਬੰਦੀ ਸਮਝੌਤੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਵਿਚਾਰ ਅਧੀਨ ਸਾਰੇ ਲਟਕ ਰਹੇ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਤਿਆਰ ਹੈ।
ਕੰਟਰੋਲ ਰੇਖਾ (ਐਲਓਸੀ) ਤੇ ਹੋਰ ਖੇਤਰਾਂ ‘ਚ ਸਾਰੇ ਜੰਗਬੰਦੀ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ‘ਤੇ ਵੀਰਵਾਰ ਨੂੰ ਪਾਕਿਸਤਾਨ ਤੇ ਭਾਰਤੀ ਫੌਜਾਂ ਦੇ ਸਾਂਝੇ ਬਿਆਨ ‘ਤੇ ਪਹਿਲੀ ਵਾਰ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ‘ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਦੀ ਬਹਾਲੀ ਮੈਂ ਸਵਾਗਤ ਕਰਦਾ ਹਾਂ ਅੱਗੇ ਦੀ ਤਰੱਕੀ ਲਈ ਢੁੱਕਵਾਂ ਵਾਤਾਵਰਣ ਸਿਰਜਣ ਦੀ ਜ਼ਿੰਮੇਵਾਰੀ ਭਾਰਤ ਉੱਤੇ ਹੈ। ਭਾਰਤ ਨੂੰ ਸਯੁੰਕਤ ਰਾਸ਼ਟਰ ਦੀ ਸੁੱਰਖਿਆ ਲਈ ਕਸ਼ਮੀਰੀ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਤੇ ਅਧਿਕਾਰ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਇਸਤੋਂ ਇਲਾਵਾ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਹਮੇਸ਼ਾਂ ਸ਼ਾਂਤੀ ਦੇ ਹੱਕ ਵਿੱਚ ਹਾਂ ਤੇ ਸਾਰੇ ਬਕਾਇਆ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਹਾਂ।” ਹਾਲਾਂਕਿ ਕਸ਼ਮੀਰ ਮੁੱਦੇ ‘ਤੇ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ’ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇਸ਼ ਦੇ ਅਟੁੱਟ ਹਿੱਸੇ ਰਹੇ ਹਨ ਤੇ ਹਮੇਸ਼ਾਂ ਰਹਿਣਗੇ।