ਨਿਊਜ਼ ਡੈਸਕ:- ਗਰਮੀ ਦੇ ਮੌਸਮ ’ਚ ਪਸੀਨੇ ਦੀ ਬਦਬੂ ਤੋਂ ਬਚਣ ਲਈ ਡਿਓਡ੍ਰੈਂਟ ਜਾਂ ਪਰਫ਼ਿਊਮ ਦੀ ਵਰਤੋਂ ਆਮ ਗੱਲ ਹੈ। ਬਹੁਤ ਸਾਰੇ ਲੋਕ ਠੰਢ ਦੇ ਮੌਸਮ ’ਚ ਵੀ ਨਹਾਉਣ ਦੀ ਥਾਂ ਪਰਫ਼ਿਊਮ ਦੀ ਵਰਤੋਂ ’ਤੇ ਵੱਧ ਭਰੋਸਾ ਕਰਦੇ ਹਨ ਪਰ ਇਸ ਦੀ ਵਰਤੋਂ ਨਾਲ ਸਿਹਤ ਦਾ ਨੁਕਸਾਨ ਹੋ ਸਕਦਾ ਹੈ।
ਪਰਫ਼ਿਊਮ ਲਾਉਣ ਦਾ ਸਭ ਤੋਂ ਵੱਧ ਨੁਕਸਾਨ ਚਮੜੀ ਨੂੰ ਹੁੰਦਾ ਹੈ। ਪਰਫ਼ਿਊਮ ’ਚ ਪਾਏ ਜਾਣ ਵਾਲੇ ਪ੍ਰੋਪਲੀਨ ਗਲਾਈਕੋਲ ਨਾਂਅ ਦੇ ਰਸਾਇਣ ਕਰਕੇ ਚਮੜੀ ’ਚ ਖਾਰਸ਼ ਹੋਣ ਲੱਗਦੀ ਹੈ। ਪਰਫ਼ਿਊਮ ’ਚ ਮੌਜੂਦ ਨਿਊਰੋਟੌਕਸਿਨ ਕੈਮੀਕਲ ਕਰਕੇ ਗੁਰਦਿਆਂ ਤੇ ਜਿਗਰ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਸਾਡੇ ਸਰੀਰ ਅੰਦਰ ਵਧੀਆ ਤੇ ਮਾੜੇ ਦੋਵੇਂ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ। ਪਰਫ਼ਿਊਮ ਦੀ ਵਰਤੋਂ ਕਰਕੇ ਵਧੀਆ ਬੈਕਟੀਰੀਆ ਮਰ ਜਾਂਦੇ ਹਨ। ਪਸੀਨੇ ਰਾਹੀਂ ਸਰੀਰ ਦੇ ਖ਼ਰਾਬ ਤੱਤ ਬਾਹਰ ਨਿਕਲਦੇ ਹਨ ਪਰ ਪਰਫ਼ਿਊਮ ਲਾਉਣ ਨਾਲ ਪਸੀਨੇ ਦੀਆਂ ਗ੍ਰੰਥੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਸਰੀਰ ’ਤੇ ਬੀਮਾਰੀਆਂ ਦੇ ਹਮਲੇ ਦਾ ਖ਼ਤਰਾ ਵਧ ਜਾਂਦਾ ਹੈ।
ਜ਼ਿਆਦਾਤਰ ਡਿਓਡੋਰੈਂਟਸ ’ਚ ਪਰਾਬੇਨ ਨਾਂ ਦਾ ਕੈਮੀਕਲ ਹੁੰਦਾ ਹੈ, ਜਿਸ ਕਰਕੇ ਔਰਤਾਂ ’ਚ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਡਿਓਡੋਰੈਂਟ ਦਾ ਅਸਰ ਵਿਅਕਤੀ ਦੇ ਦਿਮਾਗ਼ ’ਤੇ ਵੀ ਪੈਂਦਾ ਹੈ, ਜਿਸ ਨਾਲ ਅਲਜ਼ਾਈਮਰ ਹੋਣ ਦਾ ਖ਼ਤਰਾ ਹੁੰਦਾ ਹੈ। ਅਲਜ਼ਾਈਮਰ ਨਾਂ ਦੇ ਰੋਗ ’ਚ ਵਿਅਕਤੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।