ਵਾਸ਼ਿੰਗਟਨ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਤੇ ਬਜਟ ਦਫ਼ਤਰ ਦੇ ਡਾਇਰੈਕਟਰ ਦੇ ਅਹੁਦੇ ‘ਤੇ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ‘ਚ ਮਤਭੇਦ ਉਭਰ ਆਏ ਹਨ। ਸੱਤਾਧਾਰੀ ਪਾਰਟੀ ਦੇ ਸੈਨੇਟਰ ਜੋਅ ਮੈਨਚਿਨ ਨੇ ਉਨ੍ਹਾਂ ਦੀ ਨਾਮਜ਼ਦਗੀ ਖ਼ਿਲਾਫ਼ ਵੋਟ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਕੋਲ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ਲਈ ਲੋੜੀਂਦਾ ਬਹੁਮਤ ਹੈ। ਜੇ ਨੀਰਾ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਇਸ ਅਹੁਦੇ ‘ਤੇ ਪੁੱਜਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੋਵੇਗੀ।
ਮੈਨਚਿਨ ਵੈਸਟ ਵਰਜੀਨੀਆ ਤੋਂ ਸੈਨੇਟਰ ਹਨ ਤੇ ਉਨ੍ਹਾਂ ਨੂੰ ਉਦਾਰਵਾਦੀ ਡੈਮੋਕ੍ਰੇਟ ਮੰਨਿਆ ਜਾਂਦਾ ਹੈ। ਮੈਨਚਿਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੀਰਾ ਟੰਡਨ ਵੱਲੋਂ ਦਿੱਤੇ ਗਏ ਇਕ-ਪੱਖੀ ਬਿਆਨ ਦਾ ਅਸਰ ਐੱਮਪੀਜ਼ ਤੇ ਪ੍ਰਬੰਧਨ ਤੇ ਬਜਟ ਦਫ਼ਤਰ ਦੇ ਮਹੱਤਵਪੂਰਣ ਕੰਮਾਂ ‘ਤੇ ਪਵੇਗਾ। ਇਸ ਕਰਕੇ ਮੈਂ ਨੀਰਾ ਟੰਡਨ ਦੀ ਨਾਮਜ਼ਦਗੀ ਦਾ ਸਮਰਥਨ ਨਹੀਂ ਕਰ ਸਕਦਾ।
ਸੈਨੇਟ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀ ਦੇ 50-50 ਮੈਂਬਰ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਵੋਟ ਦਾ ਝੁਕਾਅ ਡੈਮੋਕ੍ਰੇਟਿਕ ਪਾਰਟੀ ਦੇ ਪੱਖ ‘ਚ ਆਉਣ ਦੀ ਆਸ ਹੈ। ਅਜਿਹੇ ਸਮੇਂ ਮੈਨਚਿਨ ਦੇ ਵੋਟ ਦਾ ਮਹੱਤਵ ਵੱਧ ਜਾਂਦਾ ਹੈ। ਜੇ ਮੈਨਚਿਨ ਨਾਮਜ਼ਦਗੀ ਖ਼ਿਲਾਫ਼ ਵੋਟ ਪਾਉਂਦੇ ਹਨ ਤਾਂ ਰਿਪਬਲਿਕਨ ਪਾਰਟੀ ਦਾ ਕੰਮ ਆਸਾਨ ਹੋ ਜਾਵੇਗਾ ਕਿਉਂਕਿ ਉਸ ਦੇ ਜ਼ਿਆਦਾਤਰ ਨੇਤਾ ਨੀਰਾ ਟੰਡਨ ਦੀ ਨਾਮਜ਼ਦਗੀ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹਿਲੇਰੀ ਕਲਿੰਟਨ ਦੀ ਸਾਬਕਾ ਸਲਾਹਕਾਰ ਰਹੀ ਨੀਰਾ ਟੰਡਨ ਨੇ ਉਦਾਰਵਾਦੀ ਰੁਖ਼ ਰੱਖਣ ਵਾਲੇ ਸੈਂਟਰ ਫਾਰ ਅਮੇਰਿਕਨ ਪ੍ਰਰੋਗਰੈੱਸ ਦੇ ਪ੍ਰਧਾਨ ਦੇ ਅਹੁਦੇ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।