ਲੁਧਿਆਣਾ : ਸਮਰਾਲਾ ਰੋਡ ‘ਤੇ ਸਥਿਤ ਘੁਲਾਲ ਟੋਲ ਪਲਾਜ਼ਾ ‘ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਖੇਤੀ ਕਾਨੂੰਨਾਂ ਖਿਲਾਫ਼ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੇ ਆਪਣੇ ਧਰਨੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਅੱਜ ਵੱਡੀ ਰਣਨੀਤੀ ਤਿਆਰ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੀਡਰਾਂ ਨੇ ਬੀਕੇਯੂ ਕਾਦੀਆਂ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਘੁਲਾਲ ਮੋਰਚੇ ਦੇ ਪ੍ਰਧਾਨ ਸ਼ਾਨ ਮਾਂਗਟ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਸਾਰੇ ਅਹੁਦੇਦਾਰ ਕੇਂਦਰ ਸਰਕਾਰ ਦੇ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ ਪਹਿਲੇ ਦਿਨ ਤੋਂ ਹੀ ਡਟੇ ਹੋਏ ਹਨ ਤੇ ਹੁਣ ਇਸ ਸੰਘਰਸ਼ ਦੀਆਂ ਸਾਰੀਆਂ ਗਤੀਵਿਧੀਆ ਬੀਕੇਯੂ ਕਾਦੀਆਂ ਦੇ ਬੈਨਰ ਹੇਠ ਹੀ ਚਲਾਈਆਂ ਜਾਣਗੀਆਂ।
ਇਸ ਮੀਟਿੰਗ ’ਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਆਪਣੀ ਜਥੇਬੰਦੀ ਵਿਚ ਸ਼ਾਮਲ ਹੋਣ ਵਾਲੇ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ। ਸਿੱਧੂਪੁਰ ਚੋਂ ਕਾਦੀਆਂ ’ਚ ਸ਼ਾਮਲ ਹੋਏ ਆਗੂਆਂ ਬਲਵੀਰ ਸਿੰਘ ਖੀਰਨੀਆਂ, ਹਰਦੀਪ ਸਿੰਘ ਗਿਆਸਪੁਰਾ ਵੱਲੋਂ ਸਿੱਧੂਪੁਰ ਜਥੇਬੰਦੀ ਨੂੰ ਆਪਣੇ ਅਸਤੀਫ਼ੇ ਵੀ ਭੇਜੇ ਗਏ।