ਚੰਡੀਗੜ੍ਹ : ਚੰਡੀਗੜ੍ਹ ਵਿੱਚ ਕਾਂਗਰਸ ਦੀ ਮਹਿਲਾ ਪ੍ਰਧਾਨ ਐਡਵੋਕੇਟ ਦੀਪਾ ਦੂਬੇ ਦੀ ਸੈਕਟਰ 15 ਸਥਿਤ ਕੋਠੀ ਬਾਹਰ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਹੈ। ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਉਣ ਦੇ ਨਾਲ ਨਾਲ ਕਾਂਗਰਸ ਮਹਿਲਾ ਪ੍ਰਧਾਨ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਇਲਾਵਾ ਘਰ ਦੇ ਵਿਚ ਹੋਰ ਸਾਮਾਨ ਨਾਲ ਵੀ ਤੋੜ ਫੋੜ ਕੀਤੀ ਗਈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਪੰਜ ਗੋਲੀਆਂ ਚਲਾਈਆਂ ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਡੀਐੱਸਪੀ ਸੈਂਟਰਲ ਸੈਕਟਰ, 11 ਥਾਣਾ ਮੁਖੀ ਸਮੇਤ ਪੁਲੀਸ ਟੀਮ ਨੇ ਕਾਰਵਾਈ ਸ਼ੁਰੂ ਕੀਤੀ। ਜਿਸ ਦੌਰਾਨ ਦੋ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਉਪਰਲੀ ਮੰਜ਼ਿਲ ਵਿੱਚ ਹਰਿਆਣਾ ਦੇ ਦੋ ਲੜਕੇ ਕਿਰਾਏ ‘ਤੇ ਰਹਿੰਦੇ ਸਨ। ਦੋਵੇਂ ਚੰਡੀਗੜ੍ਹ ਵਿੱਚ ਪ੍ਰਾਈਵੇਟ ਕੋਰਸ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਦੇ ਕਮਰੇ ਵਿਚ 10 ਤੋਂ 12 ਲੜਕੇ ਆਏ ਹੋਏ ਸੀ। ਜਦੋਂ ਉਹ ਦੇਰ ਰਾਤ ਬਾਹਰ ਨਿਕਲਣ ਲੱਗੇ ਤਾਂ ਅਸੀਂ ਉਨ੍ਹਾਂ ਨੂੰ ਰੋਕ ਕੇ ਸ਼ਨਾਖ਼ਤ ਕਰਨ ਲੱਗੇ। ਜਿਸ ਤੋਂ ਬਾਅਦ ਲੜਕਿਆਂ ਨੇ ਹੰਗਾਮਾ ਕਰ ਦਿੱਤਾ। ਨੌਜਵਾਨਾਂ ਵੱਲੋਂ 5 ਰਾਉਂਡ ਫਾਇਰ ਕੀਤੇ ਗਏ।