ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤਾਂ ਦੀ ਲੜੀ ਜਾਰੀ ਹੈ। ਦੇਸ਼ ਭਰ ਦੇ ਕਿਸਾਨਾਂ ਦੇ ਸਮਰਥਨ ਨਾਲ ਇਹ ਨਿਸ਼ਚਤ ਹੈ ਕਿ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਹਰ ਹਾਲ ਵਿੱਚ ਵਾਪਸ ਲੈਣਾ ਪਏਗਾ। ਅੱਜ ਬਿਲਾਰੀ ਅਤੇ ਬਹਾਦੁਰਗੜ ਵਿੱਚ ਹੋਈ ਮਹਾਪੰਚਾਇਤਾਂ ਵਿੱਚ ਕਿਸਾਨਾਂ ਅਤੇ ਜਾਗਰੂਕ ਨਾਗਰਿਕਾਂ ਦਾ ਵੱਡੇ ਪੱਧਰ ‘ਤੇ ਸਮਰਥਨ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰੋਟੀ ਨੂੰ ਤਿਜ਼ੋਰੀ ਦੀ ਵਸਤੂ ਨਹੀਂ ਬਣਨ ਦਿੱਤੀ ਜਾਵੇਗੀ ਅਤੇ ਭੁੱਖ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਅਤ ਇਸ ਤੱਥ ਤੋਂ ਵੀ ਸਪਸ਼ਟ ਹੈ ਕਿ ਵੱਡੇ ਗੋਦਾਮ ਪਹਿਲਾਂ ਬਣਾ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਇਹ ਕਾਨੂੰਨ ਬਣਾਏ ਗਏ। ਹਾਲ ਹੀ ਵਿੱਚ ਸਰਕਾਰ ਨੇ ਸੰਸਦ ਵਿੱਚ ਜਵਾਬ ਦਿੱਤਾ ਕਿ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਕੋਈ ਸਹਾਇਤਾ ਦੇਣ ਦਾ ਵਿਚਾਰ ਨਹੀਂ ਹੈ। ਬੀਤੇ ਦਿਨੀਂ ਸੰਸਦ ਦੀ ਕਾਰਵਾਈ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਦੀ ਨਿਖੇਦੀ ਕਰਦੇ ਹਾਂ। ਹੁਣ ਤੱਕ 228 ਕਿਸਾਨ ਸ਼ਹੀਦ ਹੋ ਚੁੱਕੇ ਹਨ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਕਿੰਨੇ ਹੋਰ ਕਿਸਾਨਾਂ ਦੀ ਬਲੀ ਚਾਹੁੰਦੀ ਹੈ?
14 ਫਰਵਰੀ ਨੂੰ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਭਾਜਪਾ ਸਰਕਾਰ ਦੇ ਝੂਠੇ-ਰਾਸ਼ਟਰਵਾਦ ਦਾ ਪਰਦਾਫਾਸ਼ ਕਰਨ, ਇਕ ਮੀਡਿਆ ਹਾਊਸ ਦੇ ਐਂਕਰ ਦੀ ਲੀਕ ਹੋਈ WhatsApp ਚੈਟ ਦੇ ਖਿਲਾਫ ਅਤੇ ਇਹ ਦਰਸਾਉਣ ਲਈ ਕਿ ਕਿਸਾਨ ਸਾਡੇ ਜਵਾਨਾਂ ਦਾ ਪੂਰਾ ਸਨਮਾਣ ਕਰਦੇ ਹਨ। ਭਾਰਤ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਮਸ਼ਾਲ ਜਲੂਸ ਅਤੇ ਮੋਮਬੱਤੀ ਮਾਰਚ ਕੀਤਾ ਜਾਵੇਗਾ। ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀ ਜਾਵੇਗੀ। ਜੈ ਜਵਾਨ – ਜੈ ਕਿਸਾਨ ਦੇ ਅੰਦੋਲਨ ਦੇ ਆਦਰਸ਼ ਨੂੰ ਦੁਹਰਾਇਆ ਜਾਵੇਗਾ।
13 ਫਰਵਰੀ ਨੂੰ, ਕਰਨਾਟਕ ਰਾਜ ਰਾਇਤਾ ਸੰਘ ਦੇ ਸੰਸਥਾਪਕ, ਉੱਘੇ ਕਿਸਾਨ ਆਗੂ ਪ੍ਰੋ. ਨਜੁੰਦਾਸਵਾਮੀ ਦੇ ਜਨਮ ਦਿਵਸ ਮੌਕੇ, ਐਸ ਕੇ ਐਮ ਨੇ ਕਿਸਾਨਾਂ ਦੇ ਅਧਿਕਾਰਾਂ ‘ਤੇ ਜ਼ੋਰ ਦਿੰਦਿਆਂ, ਇੱਕ ਪ੍ਰਗਤੀਵਾਦੀ ਅਤੇ ਨਿਆਂਪੂਰਨ ਸਮਾਜ ਲਈ ਆਪਣੀ ਸੋਚ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।