ਕੁਰੂਕਸ਼ੇਤਰ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਮਹਾਪੰਚਾਇਤ ਬੁਲਾਈ ਗਈ ਹੈ। ਮਹਾਪੰਚਾਇਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਕੁਰੂਕਸ਼ੇਤਰ ਦੀ ਅਨਾਜ ਮੰਡੀ ‘ਚ ਹੋਣ ਵਾਲੀ ਮਹਾਂਪੰਚਾਇਤ ਵਿਚ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਨੂੰ ਸ਼ਾਮਲ ਹੋਣ ਲਈ ਨਿਓਤਾ ਨਹੀਂ ਭੇਜਿਆ ਗਿਆ। ਜਦਕਿ ਕੁਰੂਕਸ਼ੇਤਰ ਗੁਰਨਾਮ ਸਿੰਘ ਚਡੂਨੀ ਦਾ ਰਿਹਾਇਸ਼ੀ ਜ਼ਿਲ੍ਹਾ ਹੈ। ਇਸ ਸੰਬੰਧੀ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਪੰਚਾਇਤ ਦੀ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਦੂਸਰੀ ਜਗ੍ਹਾ ਤੈਅ ਕਰ ਲਿਆ ਹੈ। ਅਜਿਹੇ ਵਿੱਚ ਉਹ ਮਹਾਪੰਚਾਇਤ ਵਿਚ ਨਹੀਂ ਜਾਣਗੇ। ਹਾਲਾਂਕਿ ਮਹਾਪੰਚਾਇਤ ਦੇ ਜਸਤੇਜ ਸੰਧੂ ਨੇ ਕਿਹਾ ਕਿ ਚਡੂਨੀ ਨੂੰ ਨਿਓਤਾ ਦਿੱਤਾ ਗਿਆ ਸੀ ਉਨ੍ਹਾਂ ਨੇ ਸਮਾਂ ਕੱਢ ਕੇ ਮਹਾਪੰਚਾਇਤ ‘ਚ ਸ਼ਾਮਲ ਹੋਣ ਦੀ ਗੱਲ ਵੀ ਕਹੀ ਸੀ।
ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹਰਿਆਣਾ ਵਿਚ ਮਹਾਪੰਚਾਇਤਾਂ ਬੁਲਾਈਆਂ ਜਾ ਰਹੀਆਂ ਹਨ। ਹਰਿਆਣਾ ‘ਚ ਦੋ ਵਾਰ ਮਹਾਪੰਚਾਇਤ ਪਹਿਲਾਂ ਵੀ ਬੁਲਾਈ ਗਈ ਸੀ। ਜਿਸ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ। ਕਿਸਾਨ ਲੀਡਰ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ ਅਤੇ ਡਾ ਦਰਸ਼ਨਪਾਲ ਸਮੇਤ ਹੋਰ ਸੀਨੀਅਰ ਕਿਸਾਨ ਲੀਡਰ ਇਨ੍ਹਾਂ ਪੰਚਾਇਤਾਂ ਵਿਚ ਸ਼ਾਮਲ ਹੋਏ ਸਨ ਅਤੇ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਲੋਕ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ।