ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰਾਜ ਸਰਕਾਰ ਦੇ ਕਾਰਜਕਾਲ ਦੇ ਸਫਲਤਾਪੂਰਵਕ 2500 ਦਿਨ ਪੂਰੇ ਹੋਣ ਤੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕਰਨਾਲ ਦੀ ਘਟਨਾ ‘ਤੇ ਬੋਲਦਿਆਂ ਕਿਹਾ, ‘ਅੰਦੋਲਨ ਕਰਨ ਵਾਲੇ ਅਤੇ ਕਾਨੂੰਨ ਹੱਥ ‘ਚ ਲੈਣ ਵਾਲੇ ਕਿਸਾਨ ਨਹੀਂ ਹਨ, ਸਗੋ ਸਿਆਸਤ ਤੋਂ ਪ੍ਰੇਰਿਤ ਲੋਕ ਹਨ। ਹਰਿਆਣਾ ਦੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਖੇਤਾਂ ‘ਚ ਕੰਮ ਕਰ ਰਹੇ ਹਨ। ਇਹ ਪੰਜਾਬ ਦੇ ਕਿਸਾਨ ਹਨ ਜੋ ਟਿਕਰੀ ਅਤੇ ਸਿੰਘੁ ਬਾਡਰ ‘ਤੇ ਬੈਠੇ ਹਨ।’
ਮਨੋਹਰ ਲਾਲ ਨੇ ਕਿਹਾ ਕਿ ਅਜਿਹੇ ਅੰਦੋਲਨਾਂ ਰਾਹੀਂ ਜੇਕਰ ਅਰਾਜਕਤਾ ਪੈਦਾ ਕਰਨ ਤੇ ਉਕਸਾਉਣ ਲਈ ਕਾਂਗਰਸ ਆਗੂਆਂ ਨੂੰ ਲਗਦਾ ਹੈ ਕਿ ਉਹ ਆਪਣੇ ਸਵਾਰਥ ਨੂੰ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਬਹੁਤ ਗਲਤ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਕਾਰੀਆਂ ਤੇ ਜਿਲ੍ਹਾ ਪ੍ਰਸਾਸ਼ਨ ‘ਚ ਸਕਾਰਾਤਮਕ ਗੱਲਬਾਤ ਹੋਈ ਸੀ, ਜਿਸ ‘ਚ ਉਨ੍ਹਾਂ ਨੇ ਲਿਖਤੀ ਸਹਿਮਤੀ ਦਿੱਤੀ ਸੀ ਕਿ ਉਹ ਸਿਰਫ ਸ਼ਾਂਤੀਪੂਰਣ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਕਾਨੂੰਨ ਵਿਵਸਥਾ ਦਾ ਉਲੰਘਣ ਨਹੀਂ ਕਰਨਗੇ। ਹਾਲਾਂਕਿ ਇਹ ਬਹੁਤ ਮਾੜੀ ਗੱਲ ਹੈ ਕਿ ਕਿਵੇਂ ਰਾਜਨੀਤੀ ਤੋਂ ਪ੍ਰੇਰਿਤ ਲੋਕਾਂ ਨੇ ਆਪਣਾ ਵਾਅਦਾ ਤੋੜ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨਾਂ ਅਤੇ ਉਨ੍ਹਾਂ ਨੂੰ ਉਕਸਾਉਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਰਕਾਰ ਹੁਣ ਵੀ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ। ਸਰਕਾਰ ਉਨ੍ਹਾਂ ਦੇ ਖਿਲਾਫ ਨਹੀਂ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਦਰਸ਼ਨ ਵਾਲੀਆਂ ਥਾਂਵਾਂ ‘ਤੇ ਜੋ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ।
ਕਰਨਾਲ ਘਟਨਾ ਦੌਰਾਨ ਵਾਇਰਲ ਹੋਏ ਇਕ ਅਧਿਕਾਰੀ ਦੇ ਆਡਿਓ ਅਤੇ ਵੀਡੀਓ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਵਾਇਰਲ ਆਡਿਓ ਅਤੇ ਵੀਡੀਓ ਹੋਰ ਥਾਂ ਦਾ ਹੈ ਅਤੇ ਜੋ ਘਟਨਾ ਹੋਈ ਉਹ ਵੱਖ ਥਾਂ ‘ਤੇ ਹੋਈ ਸੀ। ਇਸ ਲਈ ਦੋਨੋ ਘਟਨਾਵਾਂ ਨੂੰ ਆਪਸ ‘ਚ ਨਹੀਂ ਜੋੜਿਆ ਜਾਣਾ ਚਾਹੀਦਾ।