ਚੰਡੀਗੜ੍ਹ: ਸਿਹਤ ਵਿਭਾਗ ਵਲੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਗਿਆ। ਜਿੱਥੇ ਕੈਂਸਰ ਦੀ ਰੋਕਥਾਮ ਲਈ ਸਕ੍ਰੀਨਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਕੈਂਸਰ ਦੇ ਮਰੀਜਾਂ ਦੀ ਸਮੇਂ ਰਹਿੰਦਿਆਂ ਜਾਂਚ ਕਰਕੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸਿਹਤ ਕਰਮਚਾਰੀਆਂ ਦੀ ਮਦਦ ਨਾਲ ਆਈ.ਈ.ਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਸਬੰਧੀ ਗਤੀਵਿਧੀਆਂ ਅਪਣਾਕੇ ਕੈਂਸਰ ਬਾਰੇ ਜਾਗਰੂਕਤਾ ਅਤੇ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਿੱਤੀ ਸਾਲ 2020-21 ਦੌਰਾਨ ਸਕ੍ਰੀਨਿੰਗ ਪ੍ਰੋਗਰਾਮ ਤਹਿਤ 7,84,951 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨਾਂ ਵਿਚੋਂ 3217 ਕੈਂਸਰ ਦੇ ਮਰੀਜ਼ ਪਾਏ ਗਏ । ਉਨਾਂ ਕਿਹਾ ਕਿ ਇਹ ਸਕ੍ਰੀਨਿੰਗ ਮੁਹਿੰਮ ਅਜਿਹੇ ਨਵੇਂ ਕੈਂਸਰ ਮਰੀਜ਼ਾਂ ਲਈ ਵਰਦਾਨ ਸਿੱਧ ਹੋਈ ਹੈ ਕਿਉਂਕਿ ਉਹ ਹੁਣ ਆਪਣੀ ਸਿਹਤਯਾਬੀ ਲਈ ਸਮੇਂ ਰਹਿੰਦਿਆਂ ਇਲਾਜ ਕਰਵਾ ਰਹੇ ਹਨ।
ਉਹਨਾਂ ਕਿਹਾ ਕਿ ਹਰੇਕ ਕੈਂਸਰ ਮਰੀਜ਼ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਵਲੋਂ 1.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ ਕੈਂਸਰ ਦੇ 64,158 ਮਰੀਜਾਂ ਨੂੰ 836 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।
ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਕੈਂਸਰ ਦੇ ਮਰੀਜਾਂ ਨੂੰ 5 ਲੱਖ ਰੁਪਏ ਤੱਕ ਦੀਆਂ ਨਕਦੀ-ਰਹਿਤ ਇਲਾਜ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਕੁੱਲ 35.07 ਕਰੋੜ ਰੁਪਏ ਦੇ ਖਰਚੇ ਨਾਲ 18,815 ਮਰੀਜਾਂ ਦਾ ਮੁਫਤ ਇਲਾਜ ਕੀਤਾ ਗਿਆ।
ਉਹਨਾਂ ਅੱਗੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੀ ਆਬਾਦੀ ਦੀ ਏ.ਐਨ.ਐਮ. ਵਲੋਂ 3 ਕਿਸਮਾਂ ਦੇ ਕੈਂਸਰ ਜਿਵੇਂ ਓਰਲ, ਬ੍ਰੈਸਟ ਅਤੇ ਸਰਵਾਈਕਲ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਏ.ਐਨ.ਐਮਜ਼ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਜਾਂਚ ਕਰਨ ਸਬੰਧੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਸਮੇਂ ਰਹਿੰਦਿਆਂ ਕੈਂਸਰ ਦੀਆਂ ਉਕਤ ਕਿਸਮਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੌਰਾਨ ਪਾਏ ਗਏ ਸ਼ੱਕੀ ਮਾਮਲਿਆਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਅੱਗੇ ਰੈਫਰ ਕੀਤਾ ਗਿਆ।