ਚੰਡੀਗੜ੍ਹ : ਖੇਤੀ ਕਾਨੂੰਨ ਦੇ ਖਿਲਾਫ ਨਿੱਤਰੇ ਹੋਏ ਕਿਸਾਨ ਅੱਜ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਸਦਭਾਵਨਾ ਦਿਹਾੜਾ ਮਨਾ ਰਹੇ ਹਨ। ਅੱਜ ਕਿਸਾਨਾਂ ਵੱਲੋਂ ਸਾਰਾ ਦਿਨ ਭੁੱਖ ਹੜਤਾਲ ਰੱਖੀ ਜਾਵੇਗੀ। ਕਿਸਾਨਾਂ ਦਾ ਇਹ ਵਰਤ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ ਜੋ ਸ਼ਾਮ ਪੰਜ ਵਜੇ ਤਕ ਰਹੇਗਾ। ਕਿਸਾਨਾਂ ਵੱਲੋਂ ਦਿੱਤੀ ਗਈ ਇਸ ਭੁੱਖ ਹੜਤਾਲ ਨੂੰ ਆਮ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਜਨ ਸਭਾਵਾਂ ਵੀ ਬੁਲਾਈਆਂ ਜਾ ਰਹੀਆਂ ਹਨ। ਜਿਸ ਦੇ ਵਿਚ ਖੇਤੀ ਕਾਨੂੰਨ ਦੇ ਨੁਕਸਾਨ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ 30 ਜਨਵਰੀ ਨੂੰ ਸਦਭਾਵਨਾ ਦਿਵਸ ਅਤੇ ਜਨ ਸਭਾਵਾਂ ਬੁਲਾਉਣ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਨੇ ਬਜਟ ਸੈਸ਼ਨ ਦੌਰਾਨ ਇਕ ਫਰਵਰੀ ਨੂੰ ਸੰਸਦ ਦਾ ਘਿਰਾਓ ਕਰਨ ਵਾਲੇ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ। ਜਿਸ ਤਹਿਤ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਸਾਰੇ ਦੇਸ਼ ਦੇ ਕਿਸਾਨ ਇੱਕ ਦਿਨ ਦੇ ਲਈ ਭੁੱਖ ਹੜਤਾਲ ਰੱਖਣਗੇ ।