ਦਿੱਲੀ ਜਾ ਰਹੇ ਕਿਸਾਨਾਂ ਨਾਲ ਵਾਪਰ ਗਿਆ ਇਹ ਹਾਦਸਾ – ਪੜ੍ਹੋ ਪੂਰੀ ਖਬਰ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰ ਦੀ ਸਰਕਾਰ ਆਪਣੇ ਅੜੀਅਲ ਵਤੀਰੇ ਤੋਂ ਇਕ ਇੰਚ ਵੀ ਪਿਛੇ ਮੁੜਦੀ ਨਜ਼ਰ ਨਹੀਂ ਆ ਰਹੀ ਹੈ। ਉਸ ਨੇ ਕਿਸਾਨਾਂ ਨੂੰ ਪਰਖਣ ਲਈ ਮਜਬੂਰ ਕੀਤਾ ਹੋਇਆ ਹੈ। ਇਹ ਕਿਹੋ ਜਿਹੀ ਰਾਜਨੀਤੀ ਕਰ ਰਹੀ ਹੈ ਮੋਦੀ ਸਰਕਾਰ। ਅੰਨਦਾਤਾ ਆਪਣੀ ਫਰਿਆਦ ਲੈ ਕੇ ਦਿੱਲੀ ਵਲ ਕੂਚ ਕਰ ਰਿਹਾ ਹੈ। ਕੋਰੋਨਾ ਦੇ ਇਸ ਸੰਕਟ ਵਿੱਚ ਕਿਸਾਨਾਂ ਦੇ ਪਰਿਵਾਰ ਜਿਨ੍ਹਾਂ ਵਿੱਚ ਬਜ਼ੁਰਗ, ਬੱਚੇ ਅਤੇ ਨੌਜਵਾਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ ਰਾਜਧਾਨੀ ਵਲ ਵੱਧ ਰਹੇ ਸਨ ਕਿ ਹਰਿਆਣਾ ਦੀ ‘ਕੱਟੜ’ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਉਪਰ ਪੋਹ ਮਾਘ ਦੀ ਠੰਢ ਵਿੱਚ ਪਾਣੀ ਦੀਆਂ ਬੁਛਾੜਾਂ ਮਾਰ ਕੇ ਠਾਰਿਆ ਜਾ ਰਿਹਾ ਹੈ। ਹਾਕਮਾਂ ਦੇ ਇਨ੍ਹਾਂ ਕਾਰਨਾਮਿਆਂ ਨੇ ਮੁਗ਼ਲਾਂ ਤੇ ਗੋਰਿਆਂ ਵਲੋਂ ਢਾਹੇ ਗਏ ਜ਼ੂਲਮ ਯਾਦ ਕਰਵਾ ਦਿੱਤੇ ਹਨ। ਮੌਜੂਦਾ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਗੁਆਂਢੀ ਦੁਸ਼ਮਣ ਮੁਲਕ ਦੇ ਬਾਸ਼ਿੰਦੇ ਸਮਝ ਕੇ ਉਨ੍ਹਾਂ ਉਪਰ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਵਾਈ ਦੀ ਹਰ ਵਰਗ ਵਲੋਂ ਨਿੰਦਾ ਹੋ ਰਹੀ ਹੈ।
ਸ਼ੁਕਰਵਾਰ (27 ਨਵੰਬਰ) ਦੀ ਸਵੇਰ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਮੋਰਚੇ ਦੌਰਾਨ ਸੜਕ ਹਾਦਸੇ ਵਿਚ ਮਾਨਸਾ ਜ਼ਿਲ੍ਹੇ ਦੇ ਕਿਸਾਨ ਧੰਨਾ ਸਿੰਘ ਚਾਹਲ ਦੀ ਮੌਤ ਹੋ ਗਈ ਜਦਕਿ ਇਕ ਹੋਰ ਕਿਸਾਨ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਦੋਵੇਂ ਮਾਨਸਾ ਜ਼ਿਲ੍ਹੇ ਦੇ ਪਿੰਡ ਚਹਿਲਾਂ ਵਾਲੀ ਦੇ ਵਾਸੀ ਹਨ ਅਤੇ ਜਿਹੜੀ ਟਰਾਲੀ ਨਾਲ ਹਾਦਸਾ ਵਾਪਰਿਆ ਹੈ ਉਹ ਵੀ ਇਸੇ ਪਿੰਡ ਚਹਿਲਾਂ ਵਾਲੀ ਖ਼ਿਆਲੀ ਦੇ ਗੋਰਾ ਸਿੰਘ ਦੀ ਹੈ। ਇਸ ਦਾ ਵੀ ਕਾਫੀ ਨੁਕਸਾਨ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਕਿਸਾਨਾਂ ਨੇ ਧੰਨਾ ਸਿੰਘ ਚਾਹਲ ਦੀ ਲਾਸ਼ ਮੰਜੇ ’ਤੇ ਰੱਖ ਕੇ ਹਾਈਵੇਅ ਉਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਾਨਸਾ ਬਲਾਕ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਪੱਥਰ ਰੱਖੇ ਗਏ ਸਨ। ਭਿਵਾਨੀ ਨਜ਼ਦੀਕ ਪਿੰਡ ਮੁੰਡਾਲ ਵਿਚ ਕਿਸਾਨ ਪੱਥਰਾਂ ਨੂੰ ਰਸਤੇ ‘ਚੋਂ ਹਟਾ ਰਹੇ ਸਨ ਕਿ ਪਿੱਛੋਂ ਆਏ ਟਰਾਲੇ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂ ਵਾਲੀ ਦੀ ਮੌਤ ਹੋ ਗਈ ਅਤੇ ਬਲਜਿੰਦਰ ਸਿੰਘ ਵਾਸੀ ਚਹਿਲਾਂਵਾਲੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਾਦਸੇ ਵਿੱਚ ਫੌਤ ਹੋਏ ਧੰਨਾ ਸਿੰਘ ਚਾਹਲ ਨੇਕ ਸੁਭਾਅ ਦਾ ਸ਼ਰੀਫ਼ ਕਿਸਾਨ ਸੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਧੀ ਅਤੇ ਇੱਕ ਪੁੱਤਰ ਹੈ। ਧੰਨਾ ਸਿੰਘ ਚਾਹਲ ਸਿਰਫ ਦੋ ਏਕੜ ਜ਼ਮੀਨ ਦਾ ਹੀ ‌ਮਾਲਕ ਸੀ। ਉਨ੍ਹਾਂ ਨੇ ਸ਼ਹੀਦ ਹੋਏ ਕਿਸਾਨ, ਜ਼ਖ਼ਮੀ ਕਿਸਾਨ ਅਤੇ ਨੁਕਸਾਨੇ ਟਰੈਕਟਰ ਦਾ ਤੁਰੰਤ ਮੁਆਵਜ਼ਾ ਦੇਣ ਦੀ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ। ਇਸੇ ਦੌਰਾਨ ਹੀ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਇਸ ਕਿਸਾਨ ਧੰਨਾ ਸਿੰਘ ਚਾਹਲ ਨੂੰ 31 ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਅੰਦੋਲਨ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਗਿਆ ਹੈ। ਉਸ ਲਈ 20 ਲੱਖ ਰੁਪਏ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜਾ ਮਾਫ ਕਰਨ ਦੀ ਮੰਗ ਕੀਤੀ ਗਈ ਹੈ।

Share this Article
Leave a comment