ਵਰਲਡ ਡੈਸਕ – ਚੀਨ ਦੇ ਵੁਹਾਨ ਸ਼ਹਿਰ ਦੇ ਮੇਅਰ ਸ਼ਿਨਵਾਂਗ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵੁਹਾਨ ਉਹ ਸ਼ਹਿਰ ਹੈ ਜਿੱਥੋਂ 2019 ਦੇ ਆਖਰੀ ਮਹੀਨਿਆਂ ‘ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਤੇ ਬਾਅਦ ‘ਚ ਪੂਰੀ ਦੁਨੀਆ ਵਿੱਚ ਫੈਲ ਗਿਆ। ਵਿਸ਼ਵ ਸਿਹਤ ਸੰਗਠਨ ਦੀ ਟੀਮ ਨੇ ਪੂਰੀ ਹਕੀਕਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਹੈ।
ਵੁਹਾਨ ਦੇ ਮੇਅਰ ਦਾ ਅਸਤੀਫਾ ਵੁਹਾਨ ‘ਚ ਤਾਲਾਬੰਦੀ ਦੇ ਇੱਕ ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਆਇਆ ਹੈ। ਵੁਹਾਨ ‘ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪਿਛਲੇ ਸਾਲ 23 ਜਨਵਰੀ ਨੂੰ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ।
ਦੱਸ ਦਈਏ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਦੀ ਇਕ ਟੀਮ ਬਣਾਈ ਹੈ। ਪਰ ਚੀਨ ਦੀ ਸਰਕਾਰ ਨੇ ਕਈ ਮਹੀਨਿਆਂ ਤੱਕ ਰੋਕ ਕੇ ਰੱਖੇ ਜਾਣ ਤੋਂ ਬਾਅਦ ਇਸ ਟੀਮ ਨੂੰ ਇਸ ਹਫ਼ਤੇ ਚੀਨ ਆਉਣ ਦੀ ਆਗਿਆ ਦੇ ਦਿੱਤੀ ਹੈ। ਸਪੱਸ਼ਟ ਤੌਰ ‘ਤੇ ਟੀਮ ਵੁਹਾਨ ਵਿੱਚ ਜਾਂਚ ਕਰਕੇ ਕੋਰੋਨਾ ਦੇ ਫੈਲਣ ਦੇ ਕਾਰਨਾਂ ਦਾ ਪਤਾ ਲਗਾਵੇਗੀ।
ਪਿਛਲੇ ਸਮੇਂ ‘ਚ ਵੀ ਕੋਰੋਨਾ ਨਾਲ ਜੁੜੀ ਜਾਣਕਾਰੀ ਲੁਕਾ ਦਿੱਤੀ ਗਈ ਸੀ ਤੇ ਵੁਹਾਨ ‘ਚ ਰਹਿਣ ਵਾਲੇ ਲੋਕਾਂ ਨੂੰ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਕਰਨ ‘ਤੇ ਪਾਬੰਦੀ ਲਗਾਈ ਗਈ ਸੀ। ਸਰਕਾਰੀ ਅੰਕੜਿਆਂ ਅਨੁਸਾਰ ਵੁਹਾਨ ‘ਚ ਕੋਵਿਡ -19 ਕਾਰਨ 3,869 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਇਹ ਵੀ ਡਰ ਹੈ ਕਿ ਅਸਲ ਮੌਤ ਦੀ ਗਿਣਤੀ ਕਈ ਗੁਣਾ ਵਧੇਰੇ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਜਾਂਚ ‘ਚ ਕਈ ਚੀਜ਼ਾਂ ਸਾਹਮਣੇ ਆ ਸਕਦੀਆਂ ਹਨ ਤੇ ਮੇਅਰ ਦੇ ਅਸਤੀਫੇ ਦਾ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ।