ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਅੱਜ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ ਤੇ 16 ਜਨਵਰੀ ਤੋਂ ਪੰਜਾਬ ’ਚ ਟੀਕਾਕਰਨ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਨੇ 16 ਜਨਵਰੀ ਨੂੰ 110 ਥਾਵਾਂ ’ਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅੱਜ ਟੀਕੇ ਦੀਆਂ 20,450 ਸ਼ੀਸ਼ੀਆਂ ਪ੍ਰਾਪਤ ਹੋਈਆਂ ਹਨ ਤੇ ਹਰ ਸ਼ੀਸ਼ੀ ’ਚ ਟੀਕੇ ਦੀਆਂ 10 ਖੁਰਾਕਾਂ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਈਪੀਆਈ ਅਧਿਕਾਰੀ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ ਤੇ ਹੁਣ ਇਸ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ-24 ’ਚ ਸਟੋਰ ਕੀਤਾ ਗਿਆ ਹੈ ਤੇ ਮਗਰੋਂ ਇਸ ਨੂੰ ਖੇਤਰੀ, ਜ਼ਿਲ੍ਹਾ ਤੇ ਬਲਾਕ ਵੈਕਸੀਨ ਸਟੋਰਾਂ ’ਤੇ ਉਪਲੱਬਧ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੀਮ ਸੁਪਰਵਾਈਜ਼ਰ ਤੇ ਏਈਐੱਫਆਈ ਪ੍ਰਬੰਧਨ ਕੇਂਦਰ ’ਚ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਹਰੇਕ ਟੀਕਾਕਰਨ ਸੈਸ਼ਨ ਦੇ ਪ੍ਰਬੰਧਨ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ।
ਦੱਸ ਦਈਏ ਪੰਜਾਬ ’ਚ ਕਰੋਨਾਵਾਇਰਸ ਨੇ ਲੰਘੇ 24 ਘੰਟਿਆਂ ਦੌਰਾਨ ਨੌਂ ਵਿਅਕਤੀਆਂ ਦੀ ਜਾਨ ਲੈ ਲਈ ਹੈ। ਲੁਧਿਆਣਾ ’ਚ ਤਿੰਨ, ਜਲੰਧਰ ’ਚ ਦੋ ਤੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਸੰਗਰੂਰ ’ਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ। ਲੰਘੇ ਇਕ ਦਿਨ ਦੌਰਾਨ 261 ਸੱਜਰੇ ਕੇਸ ਸਾਹਮਣੇ ਆਏ ਹਨ।