ਹਰਿਆਣਾ : ਕਰਨਾਲ ਦੇ ਪਿੰਡ ਕੈਮਲਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਵਿੱਚ ਭੰਨਤੋੜ ਕਰਨ ਵਾਲੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਸਮੇਤ 900 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਪੁਲਿਸ ਨੇ 70 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਬੀਜੇਪੀ ਲੀਡਰਾਂ ਨੇ ਪਹਿਲਾਂ ਵੀ ਗੁਰਨਾਮ ਸਿੰਘ ਚੜੂਨੀ ‘ਤੇ ਲੋਕਾਂ ਨੂੰ ਭੜਕਾਉਨ ਦੇ ਇਲਜ਼ਾਮ ਲਾਏ ਸਨ।
ਐਤਵਾਰ ਨੂੰ ਕਰਨਾਲ ਦੇ ਪਿੰਡ ਕੈਮਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਮਹਾਪੰਚਾਇਤ ਰੈਲੀ ਕਰਨੀ ਸੀ। ਜਿਸ ਵਿੱਚ ਭਾਜਪਾ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਅਤੇ ਹੋਰ ਕਈ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਸ਼ਾਮਲ ਹੋਣਾ ਸੀ। ਪਰ ਕਿਸਾਨਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਮੁੱਖ ਮੰਤਰੀ ਖੱਟਰ ਨੂੰ ਦੌਰਾ ਰੱਦ ਕਰਨਾ ਪਿਆ ਸੀ।
ਇਸ ਦੌਰਾਨ ਕਿਸਾਨਾਂ ਨੇ ਮੁੱਖਮੰਤਰੀ ਮਨੋਹਰ ਲਾਲ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਬਣਾਏ ਗਏ ਹੈਲੀਪੈਡ ਨੂੰ ਪੁੱਟ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਕਾਰੀਆਂ ਨੇ ਪੰਡਾਲ ‘ਚ ਦਾਖਲ ਹੋ ਕੇ ਬੁਰੀ ਤਰ੍ਹਾ ਸਮਾਨ ਦੀ ਭੰਨਤੋੜ ਕੀਤੀ ਸੀ। ਕੁਰਸੀਆਂ ਨੂੰ ਤੋੜ ਦਿੱਤਾ ਗਿਆ, ਬੀਜੇਪੀ ਵੱਲੋਂ ਲਾਏ ਪੋਸਟਰਾਂ ਨੂੰ ਫਾੜ ਦਿੱਤਾ। ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ, ਪਾਣੀਆਂ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਸਨ।