ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਬੀਜੇਪੀ ਲੀਡਰ ਜਲੰਧਰ ਦੇ ਕੰਪਨੀ ਬਾਗ ਪਹੁੰਚੇ। ਇੱਥੇ ਵੀ ਜਿਵੇਂ ਹੀ ਜਥੇਬੰਦੀਆਂ ਨੂੰ ਬੀਜੇਪੀ ਦੇ ਪ੍ਰੋਗਰਾਮ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ। ਕਿਸਾਨਾਂ ਨੇ ਕੰਪਨੀ ਬਾਗ ਵੱਲ ਵੱਧਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਰਸਤੇ ‘ਚ ਬੈਰੀਕੇਡ ਲਗਾ ਕੇ ਉਹਨਾਂ ਦਾ ਰਾਹ ਰੋਕਿਆ। ਇਸ ਦੌਰਾਨ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਹਲਕੀ ਧੱਕਾਮੁੱਕੀ ਵੀ ਹੋਈ।
ਭਾਜਪਾ ਵੱਲੋਂ ਇਲਜ਼ਾਮ ਲਾਏ ਜਾ ਰਹੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਜੇਪੀ ਲੀਡਰਾਂ ‘ਤੇ ਲੋਕ ਹਮਲਾ ਕਰ ਰਹੇ ਹਨ। ਇਸ ਨੂੰ ਲੈ ਕੇ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਜਲੰਧਰ ਹਲਕੇ ਦੀ ਸਮੂਚੀ ਬੀਜੇਪੀ ਦੀ ਇਕਾਈ ਸ਼ਾਮਲ ਹੋਈ। ਕੰਪਨੀ ਬਾਗ ਵਿੱਚ ਸਖ਼ਤ ਸੁਰੱਖਿਆ ਨਾਲ ਅਸ਼ਵਨੀ ਸ਼ਰਮਾ ਪਹੁੰਚੇ। ਪੁਲਿਸ ਵੱਲੋਂ ਵੀ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਪੂਰੀ ਨਿਗਰਾਨੀ ਰੱਖੀ ਗਈ।
ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ‘ਚ ਬੀਜੇਪੀ ਦੇ ਲੀਡਰ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਬਾਹਰ ਕੁਝ ਕਿਸਾਨਾਂ ਨੇ ਗੋਹਾ ਸੁੱਟ ਦਿੱਤਾ ਸੀ। ਇਹਨਾਂ ਸਾਰੀਆਂ ਘਟਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਬੀਜੇਪੀ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।